ਲੁਧਿਆਣਾ ’ਚ ਵਿਆਹ ਸਮਾਗਮ ਗੈਂਗਵਾਰ ਦੀ ਭੇਟ ਚੜ੍ਹਿਆ, ਦੋ ਮੌਤਾਂ

ਨੈਸ਼ਨਲ ਟਾਈਮਜ਼ ਬਿਊਰੋ :- ਲੁਧਿਆਣਾ ਦੇ ਪੱਖੋਵਾਲ ਰੋਡ ਸਥਿਤ ਬਾਥ ਕੈਸਟਲ ਪੈਲੇਸ ਵਿੱਚ ਸ਼ਨਿਚਰਵਾਰ ਦੇਰ ਰਾਤ ਜਾਰੀ ਵਿਆਹ ਸਮਾਗਮ ਗੈਂਗਵਾਰ ਦੀ ਭੇਟ ਚੜ੍ਹ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਵਿੱਚ ਆਪਸੀ ਰੰਜਿਸ਼ ਰੱਖਣ ਵਾਲੇ ਦੋ ਗੈਂਗਸਟਰ ਗਰੁੱਪ ਵਿਆਹ ਸਮਾਗਮ ਵਿੱਚ ਆਹਮੋਂ ਸਾਹਮਣੇ ਹੋ ਗਏ ਅਤੇ ਦੋਹਾਂ ਗੁੱਟਾਂ ਨੇ ਇੱਕ ਦੂਜੇ ’ਤੇ 70 ਤੋਂ 80 ਰਾਉਂਡ ਫਾਈਰਿੰਗ ਕੀਤੀ।

ਇਸ ਗੋਲੀਬਾਰੀ ਦੌਰਾਨ ਵਿਆਹ ਵਿੱਚ ਸ਼ਾਮਲ ਹੋਣ ਆਈ ਇੱਕ ਔਰਤ ਤੇ ਇੱਕ ਵਿਅਕਤੀ ਦੀ ਮੌਤ ਹੋ ਗਈ। ਜਦਕਿ 4 ਤੋਂ 5 ਲੋਕਾਂ ਦੇ ਜਖਮੀ ਹੋਣ ਦੀ ਖ਼ਬਰ ਹੈ। ਗੋਲੀਆਂ ਚੱਲਣ ਕਾਰਨ ਮੌਕੇ ’ਤੇ ਭਗਦੜ ਮਚ ਗਈ ਅਤੇ ਲੋਕ ਵਿਆਹ ਛੱਡ ਆਪਣੇ ਘਰਾਂ ਨੂੰ ਭੱਜਣ ਲੱਗੇ। ਪ੍ਰਤੱਖਦਰਸ਼ੀਆਂ ਮੁਤਾਬਕ ਬਹੁਤ ਸਾਰੇ ਲੋਕਾਂ ਨੇ ਕੁਰਸੀਆਂ ਤੇ ਹੋਰਨਾਂ ਥਾਵਾਂ ’ਤੇ ਲੁੱਕ ਕੇ ਆਪਣੀ ਜਾਨ ਬਚਾਈ। ਇਸ ਸਮਾਗਮ ਵਿੱਚ ਕਈ ਸਿਆਸੀ ਤੇ ਸਮਾਜਿਕ ਆਗੂ ਵੀ ਮੌਜੂਦ ਸਨ।

ਪੁਲੀਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸ਼ਨਿਚਰਵਾਰ ਨੂੰ ਸ਼ਹਿਰ ਵਿੱਚ ਮੇਲੇ ਲਗਾਉਣ ਵਾਲੇ ਠੇਕੇਦਾਰ ਦੇ ਪੁੱਤਰ ਦਾ ਵਿਆਹ ਬਾਥ ਕੈਸਟਲ ਵਿੱਚ ਰੱਖਿਆ ਗਿਆ ਸੀ। ਵਿਆਹ ਸਮਾਗਮ ਵਿੱਚ ਦੋ ਅਜਿਹੇ ਗੁੱਟ ਸ਼ਾਮਲ ਹੋਏ ਜ਼ਿੰਨ੍ਹਾਂ ਵਿੱਚ ਲੰਮੇ ਸਮੇਂ ਤੋਂ ਦੁਸ਼ਮਣੀ ਚਲਦੀ ਆ ਰਹੀ ਹੈ। ਉਹ ਪੈਲੇਸ ਵਿੱਚ ਇਕੱਠੇ ਹੋਏ ਅਤੇ ਸ਼ਰਾਬ ਦੇ ਨਸ਼ੇ ਵਿੱਚ ਦੋਵਾਂ ਧੜਿਆਂ ਵਿੱਚ ਬਹਿਸ ਸ਼ੁਰੂ ਹੋ ਗਈ।

ਇਸ ਦੌਰਾਨ ਦੋਵਾਂ ਧੜਿਆਂ ਦੇ ਨੌਜਵਾਨ ਆਪਸ ਵਿੱਚ ਭਿੜ ਗਏ ਅਤੇ ਅਚਾਨਕ ਹੀ ਇੱਕ ਦੂਜੇ ’ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਨਾਲ ਪੂਰੇ ਪੈਲੇਸ ਵਿੱਚ ਦਹਿਸ਼ਤ ਫੈਲ ਗਈ।

ਅਧਿਕਾਰੀਆਂ ਅਨੁਸਾਰ ਵਿਆਹ ਵਿੱਚ ਸ਼ਾਮਲ ਹੋਣ ਆਈ ਨੀਰੂ ਛਾਬੜਾ ਨਾਮ ਦੀ ਔਰਤ ਨੂੰ ਗੋਲੀ ਲੱਗ ਗਈ, ਜਦੋਂ ਕਿ ਨੇੜੇ ਹੀ ਖਾਣਾ ਖਾ ਰਹੇ ਵਾਸੂ ਨਾਂ ਦੇ ਵਿਅਕਤੀ ਨੂੰ ਵੀ ਗੋਲੀ ਲੱਗੀ। ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉੱਧਰ, ਮਾਮਲੇ ਦੀ ਸੁਲਝਾਉਣ ਆਏ ਸਮਾਜਿਕ ਕਾਰਕੁਨ ਜੇ.ਕੇ. ਡਾਵਰ ਨੂੰ ਵੀ ਗੋਲੀ ਲੱਗਣ ਦੀ ਸੂਚਨਾ ਹੈ, ਜੋ ਕਿ ਡੀਐਮਸੀ ਹਸਪਤਾਲ ਵਿੱਚ ਜ਼ੇਰੇ ਇਲਾਜ਼ ਹਨ।

ਇਸ ਦੌਰਾਨ ਗੈਂਗਸਟਰ ਵੀ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਭੱਜ ਗਏ। ਪੁਲੀਸ ਮੌਕੇ ’ਤੇ ਬਾਥ ਕੈਸਟਲ ਵਿੱਚ ਪਹੁੰਚ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਏਸੀਪੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਦੋ ਲੋਕਾਂ ਦੀ ਮੌਤ ਹੋ ਗਈ ਹੈ, ਜਾਂਚ ਜਾਰੀ ਹੈ। ਮੁਲਜ਼ਮਾਂ ਦੀ ਪਛਾਣ ਕਰਕੇ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

By Gurpreet Singh

Leave a Reply

Your email address will not be published. Required fields are marked *