ਧੀ ਨੇ ਕਰਵਾਈ Love Marriage ਤਾਂ 50 ਹਜ਼ਾਰ ਦੀ ਦੇਸੀ ਪਿਸਤੌਲ ਖਰੀਦ ਲਿਆਇਆ ਪਿਓ ਤੇ ਫ਼ਿਰ…

ਲੁਧਿਆਣਾ- ਇਸ਼ਰ ਨਗਰ ’ਚ ਬੇਟੀ ਨਾਲ ਲਵ ਮੈਰਿਜ ਕਰਵਾਉਣ ਨੂੰ ਲੈ ਕੇ ਚੱਲ ਰਹੀ ਰੰਜਿਸ਼ ਕਾਰਨ ਹੀ ਸਹੁਰੇ ਨੇ ਆਪਣੇ ਦੋਸਤ ਨਾਲ ਮਿਲ ਕੇ ਆਪਣੇ ਜਵਾਈ ਸੋਨੂੰ ਦਾ ਕਤਲ ਕਰ ਦਿੱਤਾ ਸੀ, ਜਿਸ ਦੇ ਲਈ ਸਹੁਰੇ ਨੇ 50 ਹਜ਼ਾਰ ਰੁਪਏ ’ਚ ਨਾਜਾਇਜ਼ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਿਹਾਰ ਤੋਂ ਖਰੀਦੇ ਸਨ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਇਲਾਕਾ ਛੱਡ ਕੇ ਭੱਜਣ ਦੀ ਤਿਆਰੀ ’ਚ ਸਨ ਪਰ ਮਾਮਲੇ ਦਾ ਪਤਾ ਲਗਦੇ ਹੀ ਕਾਰਵਾਈ ਕਰਦੇ ਹੋਏ ਥਾਣਾ ਸਦਰ ਦੇ ਇੰਸਪੈਕਟਰ ਅਵਤਾਰ ਸਿੰਘ ਦੀ ਟੀਮ ਨੇ ਦੋਵੇਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਪੁਲਸ ਨੇ ਮੁਲਜ਼ਮਾਂ ਦੀ ਪਛਾਣ ਰਾਮ ਦਿਆਲ ਸਿੰਘ ਅਤੇ ਉਸ ਦੇ ਦੋਸਤ ਦੀਪਕ ਕੁਮਾਰ ਯਾਦਵ ਵਜੋਂ ਕੀਤੀ ਹੈ।

ਪੁਲਸ ਨੇ ਮੁਲਜ਼ਮਾਂ ਤੋਂ ਵਾਰਦਾਤ ਦੌਰਾਨ ਵਰਤਿਆ ਗਿਆ ਮੋਟਰਸਾਈਕਲ, ਨਾਜਾਇਜ਼ ਪਿਸਤੌਲ, 3 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਜਾਂਚ ਦੌਰਾਨ ਪੁਲਸ ਨੂੰ ਮੌਕੇ ਤੋਂ ਇਕ ਗੋਲੀ ਅਤੇ ਖੋਲ ਬਰਾਮਦ ਹੋਇਆ ਸੀ। ਪੁਲਸ ਨੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ 2 ਦਿਨ ਦਾ ਰਿਮਾਂਡ ਲਿਆ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਨੇ ਮਰਨ ਵਾਲੇ ਨੌਜਵਾਨ ਸੋਨੂ ਸਿੰਘ ਦੇ ਪਿਤਾ ਰਾਮ ਪ੍ਰਤਾਪ ਸਿੰਘ ਉਰਫ ਗੁੱਡੂ ਸਿੰਘ ਦੇ ਬਿਆਨ ’ਤੇ ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤਾ ਹੈ।

ਮੌਕੇ ’ਤੇ ਤੋੜ ਦਿੱਤਾ ਸੀ ਦਮ

ਧਿਆਨਦੇਣਯੋਗ ਹੈ ਕਿ ਗੋਲਗੱਪਿਆਂ ਦੀ ਰੇਹੜੀ ਲਗਾਉਣ ਵਾਲਾ ਸੋਨੂ ਸਿੰਘ ਜਦੋਂ ਇਕ ਧਾਰਮਿਕ ਸਮਾਗਮ ਤੋਂ ਆਪਣਾ ਕੰਮ ਖਤਮ ਕਰ ਕੇ ਵਾਪਸ ਘਰ ਆ ਰਿਹਾ ਸੀ ਤਾਂ ਘਰ ਦੇ ਕੋਲ ਹੀ ਮੁਲਜ਼ਮਾਂ ਨੇ ਉਸ ’ਤੇ ਫਾਇਰਿੰਗ ਕਰ ਦਿੱਤੀ ਸੀ, ਜਿਸ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ ਸੀ। ਸੋਨੂੰ ਦਾ ਪਿਤਾ ਰਾਮ ਪ੍ਰਤਾਪ ਆਪਣੇ ਇਕ ਦੋਸਤ ਨਾਲ ਮੋਟਰਸਾਈਕਲ ’ਤੇ ਆ ਰਿਹਾ ਸੀ, ਜੋ ਕਿ ਸੋਨੂੰ ਤੋਂ ਪਹਿਲਾਂ ਘਰ ਪੁੱਜ ਗਿਆ। ਜਦੋਂ ਉਸ ਨੇ ਧਮਾਕੇ ਦੀ ਆਵਾਜ਼ ਸੁਣੀ ਤਾਂ ਪਹਿਲਾਂ ਉਸ ਨੇ ਸੋਚਿਆ ਕਿ ਰੇਹੜੀ ਦਾ ਟਾਇਰ ਫਟਿਆ ਹੈ। ਜਦੋਂ ਮੌਕੇ ’ਤੇ ਜਾ ਕੇ ਦੇਖਿਆ ਤਾਂ ਸੋਨੂ ਲਹੂ-ਲੁਹਾਨ ਹਾਲਤ ’ਚ ਡਿੱਗਿਆ ਹੋਇਆ ਸੀ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਦੀਪਕ ਆਪਣਾ ਮੋਟਰਸਾਈਕਲ ਚਲਾ ਰਿਹਾ ਸੀ, ਜਦੋਂਕਿ ਰਾਮ ਦਿਆਲ ਉਸ ਦੇ ਪਿੱਛੇ ਬੈਠਾ ਹੋਇਆ ਸੀ। ਜਿਵੇਂ ਹੀ ਉਹ ਸੋਨੂੰ ਦੇ ਕੋਲ ਗਏ ਤਾਂ ਪਿੱਛੇ ਬੈਠੇ ਰਾਮ ਦਿਆਲ ਨੇ ਫਾਇਰ ਕਰ ਦਿੱਤਾ।

ਫ਼ੋਨ ’ਤੇ ਦਿੰਦਾ ਸੀ ਧਮਕੀਆਂ

ਇੰਸ. ਅਵਤਾਰ ਸਿੰਘ ਨੇ ਦੱਸਿਆ ਕਿ ਪਤਾ ਲਗਦੇ ਹੀ ਉਨ੍ਹਾਂ ਦੀ ਟੀਮ ਮੌਕੇ ’ਤੇ ਪੁੱਜੀ। ਕਾਰਵਾਈ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਰਾਮ ਦਿਆਲ ਦੀ ਆਪਣੇ ਦਾਮਾਦ ਸੋਨੂ ਦੇ ਨਾਲ ਰੰਜਿਸ਼ ਚੱਲ ਰਹੀ ਸੀ, ਕਿਉਂਕਿ 1 ਸਾਲ 6 ਮਹੀਨੇ ਪਹਿਲਾਂ ਹੀ ਸੋਨੂ ਅਤੇ ਰਾਮ ਦਿਆਲ ਦੀ ਬੇਟੀ ਨੀਬਾ ਨੇ ਲਵ ਮੈਰਿਜ ਕਰਵਾਈ ਸੀ। ਮੁਲਜ਼ਮ ਇਸ ਦੇ ਖਿਲਾਫ ਸੀ, ਜਿਸ ਕਾਰਨ ਸੋਨੂੰ ਨੇ ਪੁਲਸ ਪ੍ਰਸ਼ਾਸਨ ਤੋਂ ਸੁਰੱਖਿਆ ਵੀ ਲਈ ਸੀ।

ਇਸੇ ਰੰਜਿਸ਼ ਕਾਰਨ ਮੁਲਜ਼ਮ ਆਪਣੇ ਜਵਾਈ, ਬੇਟੀ ਅਤੇ ਉਸ ਦੇ ਪਰਿਵਾਰ ਨੂੰ ਆਮ ਕਰ ਕੇ ਫੋਨ ’ਤੇ ਧਮਕੀਆਂ ਦਿੰਦਾ ਸੀ। ਵਾਰਦਾਤ ਵਾਲੇ ਦਿਨ ਵੀ ਸੋਨੂ ਦੀ ਸੱਸ ਨੇ ਆਪਣੇ ਜਵਾਈ ਨੂੰ ਦੱਸਿਆ ਸੀ ਕਿ ਉਹ ਆਪਣਾ ਰਸਤਾ ਬਦਲ ਕੇ ਆਇਆ-ਜਾਇਆ ਕਰੇ। ਜਾਂਚ ’ਚ ਪੁਲਸ ਨੂੰ ਪਤਾ ਲੱਗਾ ਕਿ ਮੁਲਜ਼ਮ ਰਾਮ ਦਿਆਲ ਸਿੰਘ ਕਈ ਦਿਨਾਂ ਤੋਂ ਆਪਣੇ ਘਰ ਵੀ ਨਹੀਂ ਜਾ ਰਿਹਾ ਸੀ। ਇਸੇ ਐਂਗਲ ’ਤੇ ਜਾਂਚ ਕਰਦੇ ਹੋਏ ਪੁਲਸ ਟੀਮ ਨੇ ਉਕਤ ਮੁਲਜ਼ਮਾਂ ਨੂੰ ਕਾਬੂ ਕਰ ਲਿਆ।

ਮੁਲਜ਼ਮ ਰਾਮ ਦਿਆਲ ਨੇ ਰੰਜਿਸ਼ ਕਾਰਨ ਹੀ ਆਪਣੀ ਬੇਟੀ ਦਾ ਸਿੰਦੂਰ ਉਜਾੜ ਦਿੱਤਾ, ਜਿਸ ਦਾ 5 ਮਹੀਨਿਆਂ ਦਾ ਇਕ ਬੱਚਾ ਵੀ ਹੈ, ਜਦੋਂਕਿ ਸੋਨੂ ਇਕੱਲਾ ਹੀ ਪਰਿਵਾਰ ਵਿਚ ਕਮਾਉਣ ਵਾਲਾ ਸੀ ਅਤੇ ਉਸ ਦਾ ਪਰਿਵਾਰ ਉਸ ਦੇ ਸਹਾਰੇ ਹੀ ਰੋਟੀ ਖਾਂਦਾ ਸੀ। ਸੋਨੂੰ ਦੀ ਪਤਨੀ ਨੀਬਾ ਨੇ ਵੀ ਵਾਰਦਾਤ ਤੋਂ ਬਾਅਦ ਦੱਸਿਆ ਕਿ ਉਸ ਦੇ ਪਿਤਾ ਨੇ ਹੀ ਉਸ ਦੇ ਪਤੀ ਦਾ ਕਤਲ ਕੀਤਾ ਹੈ, ਕਿਉਂਕਿ ਉਹ ਵਾਰ-ਵਾਰ ਉਸ ਨੂੰ ਧਮਕੀਆਂ ਦੇ ਰਿਹਾ ਸੀ।

By Gurpreet Singh

Leave a Reply

Your email address will not be published. Required fields are marked *