ਨੈਸ਼ਨਲ ਟਾਈਮਜ਼ ਬਿਊਰੋ :- – ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਮੰਨਦੇ ਨੇ ਕਿ 2027 ਵਿਚ ਲੋਕ ਤਖ਼ਤਾ ਪਲਟਣ ਦੀ ਤਿਆਰੀ ਕਰੀ ਬੈਠੇ ਹਨ ਤੇ ਯਕੀਨਨ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ। ਉਨ੍ਹਾਂ ਮੁਤਾਬਕ ਅਕਾਲੀ ਦਲ ਤੇ ਭਾਜਪਾ ਦੀ ਤਕਰਾਰ ਪੱਕੀ ਹੋ ਗਈ ਹੈ ਤੇ ਭਾਜਪਾ ਨੇ ਅਸਿੱਧੇ ਤਰੀਕੇ ‘ਆਪ’ ਨਾਲ ਸਮਝੌਤਾ ਕਰ ਲਿਆ ਹੈ। ਪੰਜਾਬ ਦੀ ਕਾਨੂੰਨ-ਵਿਵਸਥਾ, ਕਰਜ਼ੇ ਤੇ ਹੋਰ ਵਿਸ਼ਿਆਂ ’ਤੇ ਉਨ੍ਹਾਂ ਵਿਸਥਾਰ ਨਾਲ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼-
• ਪੰਜਾਬ ਦੇ ਮੌਜੂਦਾ ਹਾਲਾਤ ਨੂੰ ਕਿਵੇਂ ਵੇਖਦੇ ਹੋ?
ਪੰਜਾਬ ਅੱਜ ਵੱਡੇ ਆਰਥਿਕ ਸੰਕਟ ਵਿਚ ਜਾ ਰਿਹਾ ਹੈ, ਜਿਸ ਲਈ ਸਾਰੀਆਂ ਸਿਆਸੀ ਜ਼ਮਾਤਾਂ ਹੀ ਜ਼ਿੰਮੇਵਾਰ ਹਨ ਪਰ ਪਿਛਲੇ 5 ਸਾਲਾਂ ਦਰਮਿਆਨ ਜੋ ਕੁਝ ਹੋਇਆ, ਉਹ ਉਮੀਦ ਤੋਂ ਪਰ੍ਹੇ ਹੈ। ਪੰਜਾਬ ਕਾਫ਼ੀ ਦੇਰ ਤੋਂ ਕਰਜ਼ੇ ਥੱਲੇ ਹੈ ਤੇ ਇਹ ਕਰਜ਼ਾ ਲਗਾਤਾਰ ਵਧਦਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਨੇ ਬਿਨਾਂ ਲੋੜ ਤੋਂ ਕੁਝ ਸਕੀਮਾਂ ਸ਼ੁਰੂ ਕੀਤੀਆਂ, ਜਿਸ ਨਾਲ ਸਥਿਤੀ ਹੋਰ ਵਿਗੜਦੀ ਗਈ। ਸਰਕਾਰ ਨੇ ਆਮਦਨ ਨਾ ਵਧਾ ਕੇ ਕਰਜ਼ਾ ਵਧਾ ਲਿਆ ਹੈ। ਜਿਸ ਘਰ ਦੀ ਕਮਾਈ ਤੋਂ ਵੱਧ ਵਿਆਜ ਹੋ ਜਾਵੇ, ਉਸ ਦਾ ਡੁੱਬਣਾ ਤੈਅ ਹੈ। ਭਗਵੰਤ ਮਾਨ ਤੋਂ ਨਾ ਕੋਈ ਮੈਡੀਕਲ ਕਾਲਜ, ਨਾ ਕੋਈ ਨਵਾਂ ਸਕੂਲ ਅਤੇ ਨਾ ਹੀ ਕੋਈ ਨਵਾਂ ਹਸਪਤਾਲ ਬਣਿਆ। ਜੇ ਸਾਡੇ ਰਾਜ ਵਿਚ 5 ਸਾਲਾਂ ਦੌਰਾਨ 75 ਹਜ਼ਾਰ ਕਰੋੜ ਰੁਪਏ ਕਰਜ਼ਾ ਚੜ੍ਹਿਆ ਤਾਂ ਉਸ ਨਾਲ ਲੋਕਾਂ ਲਈ ਸਕੂਲ-ਕਾਲਜ, ਹਸਪਤਾਲ ਤੇ ਹੋਰ ਚੀਜ਼ਾਂ ਵੀ ਬਣਾਈਆਂ ਗਈਆਂ। ਅਸੀਂ 15 ਹਜ਼ਾਰ ਕਰੋੜ ਰੁਪਏ ਸਾਲਾਨਾ ਕਰਜ਼ਾ ਲੈਂਦੇ ਸੀ ਪਰ ਇਹ 33 ਹਜ਼ਾਰ ਕਰੋੜ ਰੁਪਏ ਲੈ ਰਹੇ ਹਨ ਪਰ ਇਨਫ੍ਰਾਸਟ੍ਰਕਚਰ ਨਹੀਂ ਬਣਾਇਆ। ਅੱਜ ਕਾਨੂੰਨ-ਵਿਵਸਥਾ ਦਾ ਇੰਨਾ ਮਾੜਾ ਹਾਲ ਹੋ ਗਿਆ ਕਿ ਰੋਜ਼ ਕਤਲ ਹੋ ਰਹੇ ਹਨ ਪਰ ਅਫਸੋਸ ਕਿ ਸਰਕਾਰ ਸਿਰਫ ਝੂਠੇ ਪ੍ਰਚਾਰ ਵਿਚ ਲੱਗੀ ਹੋਈ ਹੈ।
