ਗੁਰਪ੍ਰੀਤ ਸਿੰਘ :- ਫਗਵਾੜਾ ਦੇ ਨਜ਼ਦੀਕੀ ਪਿੰਡ ਰਾਣੀਪੁਰ ਦੇ ਮੁਹੱਲਾ ਕਲੇਰਾ ਵਿੱਚ ਇੱਕ ਮਹਿਲਾ ਉੱਪਰ ਆਪਣੇ ਹੀ ਪਤੀ ਨੂੰ ਚਾਹ ਵਿਚ ਜ਼ਹਿਰੀਲੀ ਚੀਜ਼ ਦੇ ਕੇ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਪਿੰਦਰਪਾਲ ਪੁੱਤਰ ਧੰਨਾ ਰਾਮ ਵਾਸੀ ਰਾਣੀਪੁਰ ਮਹੱਲਾ ਕਲੇਰਾਂ ਦੇ ਭਾਣਜੇ ਰਿੰਕੂ ਵਾਸੀ ਹੁਸ਼ਿਆਰਪੁਰ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਉਨ੍ਹਾਂ ਨੂੰ ਉਸ ਦੀ ਵੱਡੀ ਮਾਮੀ ਨੇ ਫੋਨ ’ਤੇ ਜਾਣਕਾਰੀ ਦਿੱਤੀ ਸੀ।
ਉਨ੍ਹਾਂ ਨੂੰ ਆਪਣੀ ਮਾਮੀ ਉੱਪਰ ਦੋਸ਼ ਲਗਾਇਆ ਕਿ ਉਸ ਦੀ ਮਾਮੀ ਨੇ ਹੀ ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਆਪਣੇ ਹੀ ਪਤੀ ਨੂੰ ਚਾਹ ਵਿੱਚ ਜ਼ਹਿਰ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਪਿੰਦਰਪਾਲ ਦੇ ਭਰਾ ਹਰਬੰਸ ਲਾਲ ਦੇ ਬਿਆਨਾਂ ਦੇ ਅਧਾਰ ’ਤੇ ਨੀਲਮ ਰਾਣੀ ਖਿਲਾਫ਼ ਐਫਆਈਆਰ ਨੰਬਰ 81 ਤਹਿਤ ਮਾਮਲਾ ਦਰਜ ਕਰ ਕੇ ਪਤਨੀ ਨੀਲਮ ਰਾਣੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਾਂਚ ਅਧਿਕਾਰੀ ਰਾਮ ਕੁਮਾਰ ਨੇ ਦੱਸਿਆ ਕਿ ਇਹ ਮਾਮਲਾ ਮ੍ਰਿਤਕ ਦੇ ਭਰਾ ਹਰਬੰਸ ਲਾਲ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਦਰਜ ਕੀਤਾ ਗਿਆ ਹੈ। ਪੁਲਿਸ ਅਨੁਸਾਰ ਪਿੰਦਰ ਪਾਲ ਕੁਝ ਸਮੇਂ ਤੋਂ ਕਿਸੇ ਬਿਮਾਰੀ ਤੋਂ ਪੀੜਤ ਸੀ ਅਤੇ ਕਥਿਤ ਤੌਰ ‘ਤੇ ਪਤਨੀ ਨਾਲ ਸਬੰਧਾਂ ਕਾਰਨ ਤਣਾਅ ਵਿੱਚ ਸੀ। ਰਿੰਕੂ ਅਨੁਸਾਰ ਚਾਹ ਪੀਣ ਤੋਂ ਬਾਅਦ ਪਿੰਦਰ ਪਾਲ ਦੀ ਹਾਲਤ ਵਿਗੜ ਗਈ ਅਤੇ ਉਸਨੂੰ ਪਹਿਲਾਂ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ।
ਉਸਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸਨੂੰ ਜਲੰਧਰ ਰੈਫਰ ਕਰ ਦਿੱਤਾ, ਜਿੱਥੇ ਸੋਮਵਾਰ ਨੂੰ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਜਾਂਚ ਅਧਿਕਾਰੀ ਨੇ ਕਿਹਾ ਕਿ ਮ੍ਰਿਤਕ ਦੇ ਦੋ ਬੱਚੇ ਹਨ। ਪੁਲਿਸ ਨੇ ਮਮਤਾ ਰਾਣੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਵਿੱਚ ਹੋਰ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ। ਅਧਿਕਾਰੀ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
