ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਮਸ਼ਹੂਰ ਗਾਇਕ ਕਰਨ ਔਜਲਾ ਅਤੇ ਯੋ ਯੋ ਹਨੀ ਸਿੰਘ ਵਿਰੁੱਧ ਸਖ਼ਤ ਰੁਖ ਅਖਤਿਆਰ ਕੀਤਾ ਹੈ। ਦੋਹਾਂ ਗਾਇਕਾਂ ਦੇ ਗਾਣਿਆਂ ‘ਚ ਔਰਤਾਂ ਖ਼ਿਲਾਫ਼ ਅਪਤਜਨਕ ਭਾਸ਼ਾ ਵਰਤੇ ਜਾਣ ਕਾਰਨ ਕਮਿਸ਼ਨ ਨੇ ਆਪਣੇ ਤੌਰ ’ਤੇ ਕਾਰਵਾਈ ਕਰਦਿਆਂ ਦੋ ਨੋਟਿਸ ਜਾਰੀ ਕੀਤੇ ਹਨ। ਇਹ ਨੋਟਿਸ ਪੰਜਾਬ ਸਟੇਟ ਵੁਮੈਨ ਕਮਿਸ਼ਨ ਐਕਟ, 2001 ਦੇ ਸੈਕਸ਼ਨ 12 ਹੇਠ ਜਾਰੀ ਕੀਤੇ ਗਏ ਹਨ।
ਕਮਿਸ਼ਨ ਮੁਤਾਬਕ, ਕਰਨ ਔਜਲਾ ਦੇ ਗਾਣੇ ‘MF Gabru’ ਵਿੱਚ ਵਰਤੇ ਗਏ ਬੋਲ ਔਰਤਾਂ ਦੀ ਇੱਜ਼ਤ ਅਤੇ ਅਧਿਕਾਰਾਂ ਦੀ ਉਲੰਘਣਾ ਕਰਦੇ ਹਨ। ਇਸੇ ਤਰ੍ਹਾਂ, ਯੋ ਯੋ ਹਨੀ ਸਿੰਘ ਦੇ ਗਾਣੇ ‘Millionaire’ ਨੂੰ ਵੀ ਔਰਤਾਂ ਖ਼ਿਲਾਫ਼ ਅਣਉਚਿਤ ਸਮੱਗਰੀ ਲਈ ਚਿੰਤਾ ਦਾ ਵਿਸ਼ਾ ਬਣਾਇਆ ਗਿਆ ਹੈ। ਦੋਹਾਂ ਗਾਣਿਆਂ ਦੀ ਸਮਾਜਿਕ ਮੀਡੀਆ ’ਤੇ ਵੱਡੀ ਪੈਮਾਨੇ ’ਤੇ ਵਾਇਰਲ ਹੋਣ ਤੋਂ ਬਾਅਦ ਇਹ ਮਾਮਲਾ ਉੱਭਰਿਆ।
ਮਹਿਲਾ ਕਮਿਸ਼ਨ ਨੇ ਚੰਡੀਗੜ੍ਹ ਸਥਿਤ ਪੰਜਾਬ ਪੁਲਿਸ ਮੁੱਖ ਦਫ਼ਤਰ ਨੂੰ ਦੋਹਾਂ ਗਾਣਿਆਂ ਦੀ ਜਾਂਚ ਕਰਕੇ ਤੁਰੰਤ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਹਨ। ਪੁਲਿਸ ਅਧਿਕਾਰੀਆਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਹਰ ਮਾਮਲੇ ’ਚ ਹੋਈ ਕਾਰਵਾਈ ਬਾਰੇ ਸਥਿਤੀ ਰਿਪੋਰਟ ਜਲਦੀ ਤੋਂ ਜਲਦੀ ਕਮਿਸ਼ਨ ਨੂੰ ਭੇਜਣ।
ਇਸਦੇ ਨਾਲ ਹੀ ਦੋਹਾਂ ਗਾਇਕਾਂ ਨੂੰ ਵੀ ਕਮਿਸ਼ਨ ਨੇ ਪੇਸ਼ ਹੋਣ ਲਈ ਕਿਹਾ ਹੈ। ਕਰਨ ਔਜਲਾ ਨੂੰ 11 ਅਗਸਤ 2025 ਨੂੰ ਸਵੇਰੇ 11 ਵਜੇ ਅਤੇ ਯੋ ਯੋ ਹਨੀ ਸਿੰਘ ਨੂੰ ਉਸੇ ਦਿਨ 11:30 ਵਜੇ ਚੰਡੀਗੜ੍ਹ ਸਥਿਤ ਦਫ਼ਤਰ ’ਚ ਹਾਜ਼ਰ ਹੋਣ ਦੀ ਤਾਰੀਖ ਦਿੱਤੀ ਗਈ ਹੈ।
ਕਮਿਸ਼ਨ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਔਰਤਾਂ ਦੀ ਇੱਜ਼ਤ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ। ਮਹਿਲਾ ਕਮਿਸ਼ਨ ਨੇ ਸਾਫ਼ ਕੀਤਾ ਕਿ ਜੇਕਰ ਕੋਈ ਵੀ ਗਾਣਾ ਜਾਂ ਮੀਡੀਆ ਸਮੱਗਰੀ ਔਰਤਾਂ ਵਿਰੁੱਧ ਨਫਰਤ ਫੈਲਾਉਂਦੀ ਹੈ ਜਾਂ ਉਨ੍ਹਾਂ ਨੂੰ ਅਪਮਾਨਤ ਕਰਦੀ ਹੈ, ਤਾਂ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।