ਘਰੇਲੂ ਵਿਵਾਦ ਕਾਰਨ ਵੱਡੇ ਭਰਾ ਤੋਂ ਦੁਖੀ ਹੋਕੇ ਛੋਟੇ ਭਰਾ ਨੇ ਕੀਤੀ ਖੁਦਕੁਸ਼ੀ

ਗੁਰਪ੍ਰੀਤ ਸਿੰਘ :- ਅਜਨਾਲਾ ਇਲਾਕੇ ਦੇ ਪਿੰਡ ਜੱਗੀਵਾਲ ਤੋਂ ਇਕ ਬਹੁਤ ਹੀ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ,ਜਿੱਥੇ ਘਰੇਲੂ ਵਿਵਾਦ ਕਾਰਨ ਵੱਡੇ ਭਰਾ ਤੋਂ ਦੁਖੀ ਹੋ ਕੇ ਛੋਟੇ ਭਰਾ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਪ੍ਰੀਤਮ ਸਿੰਘ ਵਜੋਂ ਹੋਈ ਹੈ, ਜੋ ਆਪਣੇ ਵੱਡੇ ਭਰਾ ਨਾਲ ਚੱਲ ਰਹੇ ਜਾਇਦਾਦੀ ਝਗੜੇ ਕਾਰਨ ਕਾਫ਼ੀ ਸਮੇਂ ਤੋਂ ਮਾਨਸਿਕ ਤੌਰ ਉਤੇ ਪਰੇਸ਼ਾਨ ਦੱਸਿਆ ਜਾ ਰਿਹਾ ਸੀ।

ਜਾਣਕਾਰੀ ਅਨੁਸਾਰ ਦੋਵੇਂ ਭਰਾਵਾਂ ਵਿਚਕਾਰ ਛੋਟੇ ਘਰ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ, ਜਦਕਿ ਜ਼ਮੀਨ ਦੀ ਵੰਡ ਪਹਿਲਾਂ ਹੀ ਹੋ ਚੁੱਕੀ ਸੀ। ਦੋਸ਼ ਹੈ ਕਿ ਵੱਡੇ ਭਰਾ ਵੱਲੋਂ ਮ੍ਰਿਤਕ ਦੀ ਜਾਇਦਾਦ ਉਤੇ ਜ਼ਬਰਦਸਤੀ ਕਬਜ਼ਾ ਕੀਤਾ ਹੋਇਆ ਸੀ ਅਤੇ ਉਸ ਉਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਸੀ।

ਇਹ ਵੀ ਕਿਹਾ ਜਾ ਰਿਹਾ ਹੈ ਕਿ ਪ੍ਰੀਤਮ ਸਿੰਘ ਨੂੰ ਘਰੋਂ ਬਾਹਰ ਜਾਣ ਤੱਕ ਦੀ ਆਜ਼ਾਦੀ ਨਹੀਂ ਦਿੱਤੀ ਜਾ ਰਹੀ ਸੀ, ਜਿਸ ਕਾਰਨ ਉਹ ਕਾਫ਼ੀ ਤਣਾਅ ਵਿੱਚ ਸੀ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਮ੍ਰਿਤਕ ਵੱਲੋਂ ਇਕ ਵੀਡੀਓ ਬਣਾਈ ਗਈ, ਜੋ ਸੋਸ਼ਲ ਮੀਡੀਆ ਉਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਘਟਨਾ ਮਗਰੋਂ ਪਰਿਵਾਰ ਵਿੱਚ ਸੋਗ ਫੈਲ ਗਿਆ ਹੈ।

ਇਸ ਵੀਡੀਓ ਵਿੱਚ ਉਸ ਨੇ ਆਪਣੀ ਮੌਤ ਲਈ ਆਪਣੇ ਵੱਡੇ ਭਰਾ, ਉਸ ਦੇ ਸਹੁਰੇ ਪਰਿਵਾਰ ਅਤੇ ਪਿੰਡ ਦੇ ਕੁਝ ਮੋਹਤਬਾਰ ਵਿਅਕਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਮ੍ਰਿਤਕ ਦੇ ਰਿਸ਼ਤੇਦਾਰਾਂ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਉਧਰ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਵੱਡੇ ਭਰਾ, ਉਸ ਦੇ ਸਹੁਰੇ ਪਰਿਵਾਰ ਅਤੇ ਪਿੰਡ ਦੇ ਕੁਝ ਵਿਅਕਤੀਆਂ ਸਮੇਤ ਕੁੱਲ 11 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਐਸਐਚਓ ਆਗਿਆਪਾਲ ਸਿੰਘ ਮੁਤਾਬਕ ਵਾਇਰਲ ਵੀਡੀਓ ਅਤੇ ਹੋਰ ਸਬੂਤਾਂ ਦੇ ਆਧਾਰ ਉਤੇ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

By Gurpreet Singh

Leave a Reply

Your email address will not be published. Required fields are marked *