ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਸਰਕਾਰ ਵੱਲੋਂ ਕੱਢੀ ਗਰੁੱਪ-ਡੀ ਦੀ ਭਰਤੀ ਪ੍ਰਕਿਰਿਆ ਤਹਿਤ ਐਤਵਾਰ ਨੂੰ ਹੋਈ ਲਿਖਤੀ ਪ੍ਰੀਖਿਆ ਵਿੱਚ ਉਹ ਉਤਸ਼ਾਹ ਦੇਖਣ ਨੂੰ ਨਹੀਂ ਮਿਲਿਆ, ਜਿਸ ਦੀ ਉਮੀਦ ਕੀਤੀ ਜਾ ਰਹੀ ਸੀ। ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਕਰਵਾਈ ਗਈ ਇਸ ਪ੍ਰੀਖਿਆ ਵਿੱਚ ਲੁਧਿਆਣਾ ਦੇ ਹਜ਼ਾਰਾਂ ਉਮੀਦਵਾਰਾਂ ਨੇ ਸਰਕਾਰੀ ਨੌਕਰੀ ਦਾ ਮੌਕਾ ਹੱਥੋਂ ਜਾਣ ਦਿੱਤਾ ਤੇ ਪ੍ਰੀਖਿਆ ਕੇਂਦਰਾਂ ਵੱਲ ਰੁਖ ਹੀ ਨਹੀਂ ਕੀਤਾ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਹਿਯੋਗ ਨਾਲ ਕਰਵਾਈ ਗਈ ਇਸ ਪ੍ਰੀਖਿਆ ਲਈ ਲੁਧਿਆਣਾ ਜ਼ਿਲ੍ਹੇ ਵਿੱਚ ਪ੍ਰਸ਼ਾਸਨ ਵੱਲੋਂ ਸਖ਼ਤ ਪ੍ਰਬੰਧ ਕੀਤੇ ਗਏ ਸਨ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਕੁੱਲ 22 ਪ੍ਰੀਖਿਆ ਕੇਂਦਰ ਬਣਾਏ ਗਏ ਸਨ, ਤਾਂ ਜੋ ਉਮੀਦਵਾਰਾਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਸਵੇਰੇ 11:00 ਵਜੇ ਤੋਂ ਦੁਪਹਿਰ 01:30 ਵਜੇ ਦੇ ਸੈਸ਼ਨ ਵਿੱਚ ਹੋਈ ਇਸ ਪ੍ਰੀਖਿਆ ਨੂੰ ਲੈ ਕੇ ਸਿੱਖਿਆ ਵਿਭਾਗ ਅਤੇ ਬੋਰਡ ਦੀਆਂ ਟੀਮਾਂ ਪੂਰੀ ਤਰ੍ਹਾਂ ਮੁਸਤੈਦ ਰਹੀਆਂ, ਪਰ ਕੇਂਦਰਾਂ ਦੇ ਅੰਦਰ ਕਈ ਸੀਟਾਂ ਖਾਲੀ ਨਜ਼ਰ ਆਈਆਂ। ਜ਼ਿਲਾ ਸਿੱਖਿਆ ਅਫ਼ਸਰ (ਸੈ.ਸਿ.) ਦੀ ਰਿਪੋਰਟ ਦੇ ਹੈਰਾਨ ਕਰਨ ਵਾਲੇ ਅੰਕੜਿਆਂ ਅਨੁਸਾਰ ਇਸ ਭਰਤੀ ਲਈ ਜ਼ਿਲ੍ਹੇ ਵਿੱਚ ਕੁੱਲ 7713 ਉਮੀਦਵਾਰ ਰਜਿਸਟਰਡ ਸਨ। ਇਨ੍ਹਾਂ ਵਿੱਚੋਂ ਕੇਵਲ 4457 ਉਮੀਦਵਾਰ ਹੀ ਆਪਣੀ ਕਿਸਮਤ ਅਜ਼ਮਾਉਣ ਪ੍ਰੀਖਿਆ ਕੇਂਦਰਾਂ ”ਤੇ ਪਹੁੰਚੇ। ਉੱਥੇ ਹੀ 3266 ਉਮੀਦਵਾਰਾਂ ਨੇ ਪ੍ਰੀਖਿਆ ਤੋਂ ਪੂਰੀ ਤਰ੍ਹਾਂ ਕਿਨਾਰਾ ਕਰ ਲਿਆ ਤੇ ਗੈਰ-ਹਾਜ਼ਰ ਰਹੇ। ਜ਼ਿਲੇ ਵਿੱਚ ਹਾਜ਼ਰੀ ਦਾ ਕੁੱਲ ਪ੍ਰਤੀਸ਼ਤ ਮਹਿਜ਼ 57.79 ਹੀ ਰਿਹਾ, ਜਿਸ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹੈਰਾਨ ਕਰ ਦਿੱਤਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਪ੍ਰੀਖਿਆ ਕੇਂਦਰਾਂ ਦੀ ਦੂਰੀ ਜਾਂ ਹੋਰ ਕਾਰਨਾਂ ਕਰਕੇ ਇੰਨੀ ਵੱਡੀ ਗਿਣਤੀ ਵਿੱਚ ਉਮੀਦਵਾਰਾਂ ਨੇ ਇਸ ਪ੍ਰੀਖਿਆ ਨੂੰ ਛੱਡਣਾ ਹੀ ਬਿਹਤਰ ਸਮਝਿਆ।
