ਨੌਜਵਾਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਨੂੰ ਆਪ ਮੁਹਾਰੇ ਮਿਲ ਰਿਹਾ ਹੈ ਭਰਵਾਂ ਹੁੰਗਾਰਾ
ਨੈਸ਼ਨਲ ਟਾਈਮਜ਼ ਬਿਊਰੋ:- ਸ਼੍ਰੋਮਣੀ ਅਕਾਲੀ ਦਲ ਦੀ ਮੁਹਿੰਮ ਨੂੰ ਪੰਜਾਬ ਦੇ ਸਾਰੇ ਵਰਗਾਂ, ਖਾਸ ਕਰਕੇ ਨੌਜਵਾਨ ਵਰਗ ਤੋਂ ਆਪ ਮੁਹਾਰੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਇਸ ਗੱਲ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਮੋਹਾਲੀ ਦਿਹਾਤੀ ਤੋਂ ਜ਼ਿਲ੍ਹਾ ਪ੍ਰਧਾਨ ਤਰਨਬੀਰ ਸਿੰਘ ਟਿੰਮੀ ਪੁੰਨਿਆ ਨੇ ਇਥੇ ਜਾਰੀ ਇਕ ਬਿਆਨ ਵਿੱਚ ਕੀਤਾ।
ਉਨ੍ਹਾਂ ਅੱਗੇ ਕਿਹਾ, “ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇਕਲੌਤੀ ਖੇਤਰੀ ਪਾਰਟੀ ਹੈ, ਜਿਹੜੀ ਹਮੇਸ਼ਾਂ ਪੰਜਾਬ, ਪੰਜਾਬੀਅਤ ਅਤੇ ਪੰਥ ਲਈ ਖੜਦੀ ਅਤੇ ਲੜਦੀ ਆਈ ਹੈ। ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਇਸ ਗੱਲ ਦਾ ਮੁੜ ਤੋਂ ਯਕੀਨ ਹੋ ਚੁੱਕਾ ਹੈ ਕਿ ਪੰਜਾਬ ਦੀ ਤਰੱਕੀ ਲਈ ਆਪਣੀ ਪਾਰਟੀ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ। ਇਸੇ ਲਈ ਪਹਿਲੇ ਦਿਨ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਲੋਕ ਆਪ ਮੁਹਾਰੇ ਅੱਗੇ ਆਕੇ ਅਕਾਲੀ ਦਲ ਦੀ ਮੈਂਬਰਸ਼ਿਪ ਲੈ ਰਹੇ ਹਨ।
ਉਨ੍ਹਾਂ ਅੱਗੇ ਇਹ ਵੀ ਕਿਹਾ, “ਸਾਡੇ ਯੂਥ ਅਕਾਲੀ ਦਲ ਦੇ ਆਗੂ ਜਿੱਥੇ ਮੁੜ ਤੋਂ ਆਪ ਸਰਗਮ ਮੈਂਬਰ ਬਣ ਰਹੇ ਹਨ ਉਥੇ ਹੀ ਉਹ ਇਸ ਭਰਤੀ ਮੁਹਿੰਮ ਵਿੱਚ ਵੱਡੇ ਪੱਧਰ ‘ਤੇ ਹਿੱਸੇਦਾਰੀ ਵੀ ਪਾ ਰਹੇ ਹਨ। ਸਾਡੇ ਯੂਥ ਅਕਾਲੀ ਦਲ ਦੇ ਆਗੂਆਂ ਵਲੋਂ ਲੋਕਾਂ ਤੱਕ ਪਾਰਟੀ ਦੀ ਭਰਤੀ ਮੁਹਿੰਮ ਦੀ ਜਾਗਰੂਕਤਾ ਫੈਲਾਈ ਜਾ ਰਹੀ ਹੈ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਮੁੜ ਤੋਂ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨੇ ਅੱਗੇ ਕਿਹਾ, ਸ੍ਰੀ ਐਨ ਕੇ ਸ਼ਰਮਾ ਜੀ ਸਾਬਕਾ ਐਮ ਐਲ ਏ ਹਲਕਾ ਡੇਰਾਬੱਸੀ ਅਤੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਜੀ ਦੀ ਅਗਵਾਈ ਹੇਠ ਯੂਥ ਅਕਾਲੀ ਦਲ ਦੀ ਮਜ਼ਬੂਤੀ ਲਈ ਲਗਾਤਾਰ ਕੰਮ ਕਰਦਾ ਆ ਰਿਹਾ ਹੈ ਅਤੇ ਹੁਣ ਇਸ ਭਰਤੀ ਮੁਹਿੰਮ ਵਿੱਚ ਵੀ ਪੰਜਾਬ ਭਰ ਵਿੱਚ ਵੱਡੇ ਪੱਧਰ ‘ਤੇ ਮੁਹਿੰਮ ਦੀ ਕਾਮਯਾਬੀ ਲਈ ਕੰਮ ਕਰ ਰਿਹਾ ਹੈ।”ਅੰਤ ਵਿੱਚ ਉਨ੍ਹਾਂ ਨੇ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਾਰੇ ਗਿਲੇ ਸ਼ਿਕਵੇ ਛੱਡਕੇ ਮੁੜ ਤੋਂ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨ ਤਾਂਜੋ ਪੰਜਾਬ ਨੂੰ ਮੁੜ ਤੋਂ ਤਰੱਕੀ ਦੀ ਰਾਹ ਉੱਤੇ ਲਿਜਾਇਆ ਜਾ ਸਕੇ।