ਨੈਸ਼ਨਲ ਟਾਈਮਜ਼ ਬਿਊਰੋ :- ਜ਼ੀਰਕਪੁਰ ਦੇ ਸਿੰਘਪੁਰਾ ਖੇਤਰ ਵਿੱਚ ਪੈਂਦੀ ਸ਼ਿਵਾ ਹੋਮਸ ਸੁਸਾਇਟੀ ਵਿੱਚ ਪੁਲੀਸ ਅਤੇ ਗੈਂਗਸਟਰ ਵਿਚਾਲੇ ਗੋਲੀਬਾਰੀ ਹੋ ਗਈ। ਪੁਲੀਸ ਦੀ ਜਵਾਬੀ ਕਾਰਵਾਈ ਦੌਰਾਨ ਗੈਂਗਸਟਰ ਜ਼ਖ਼ਮੀ ਹੋ ਗਿਆ ਜਿਸਦੀ ਪਛਾਣ ਲਵੀਸ਼ ਗਰੋਵਰ ਵਾਸੀ ਲੁਧਿਆਣਾ ਦੇ ਰੁਪ ਵਿੱਚ ਹੋਈ ਹੈ। ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਵੱਖ ਵੱਖ ਪੁਲੀਸ ਸਟੇਸ਼ਨਾਂ ਵਿੱਚ 10 ਦੇ ਕਰੀਬ ਅਪਰਾਧਿਕ ਮਾਮਲੇ ਦਰਜ ਹਨ ਜਿਨ੍ਹਾਂ ਵਿੱਚ ਕਤਲ, ਲੁੱਟ ਅਤੇ ਨਸ਼ਾ ਤਸਕਰੀ ਦੇ ਪਰਚੇ ਸ਼ਾਮਲ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਪੀ. (ਦਿਹਾਤੀ) ਮਨਪ੍ਰੀਤ ਸਿੰਘ ਅਤੇ ਡੀ.ਐਸ.ਪੀ. ਜ਼ੀਰਕਪੁਰ, ਜਸਪਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਅੱਜ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਇਕ ਗੈਂਗਸਟਰ ਸਿੰਘਪੁਰਾ ਦੀ ਸੁਸਾਇਟੀ ਸ਼ਿਵਾ ਹੋਮਸ ਸੁਸਾਇਟੀ ਵਿੱਚ ਇਕ ਗੈਂਗਸਟਰ ਨਸ਼ਿਆਂ ਦਾ ਕਾਰੋਬਾਰ ਕਰ ਰਿਹਾ ਹੈ। ਸੂਚਨਾ ’ਤੇ ਕਾਰਵਾਈ ਕਰਦਿਆਂ ਥਾਣਾ ਮੁਖੀ ਜ਼ੀਰਕਪੁਰ ਜਸਕੰਵਲ ਸਿੰਘ ਸੇਖੋਂ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਵੱਲੋਂ ਫਲੈਟ ਦਾ ਦਰਵਾਜਾ ਖੜ੍ਹਕਾਇਆ ਗਿਆ। ਗੈਂਗਸਟਰ ਵੱਲੋਂ ਪਹਿਲਾਂ ਤਾਂ ਦਰਵਾਜਾ ਖੋਲ੍ਹ ਦਿੱਤਾ ਗਿਆ ਜਦ ਉਸਨੇ ਪੁਲੀਸ ਪਾਰਟੀ ਦੇਖੀ ਤਾਂ ਉਹ ਅੰਦਰ ਭੱਜ ਗਿਆ ਅਤੇ ਉਸਨੇ ਪੁਲੀਸ ਪਾਰਟੀ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ।
ਮੁਲਜ਼ਮ ਵੱਲੋਂ ਪੁਲੀਸ ਪਾਰਟੀ ’ਤੇ ਤਿੰਨ ਫਾਇਰ ਕੀਤੇ ਗਏ। ਜਵਾਬੀ ਕਾਰਵਾਈ ਕਰਦਿਆਂ ਪੁਲੀਸ ਨੇ ਮੁਲਜ਼ਮ ਤੇ ਫਾਇਰਿੰਗ ਕੀਤੀ ਜਿਸ ਵਿੱਚ ਇਕ ਗੋਲੀ ਉਸਦੀ ਲੱਤ ਵਿੱਚ ਵਜੀ ਜਿਸ ਵਿੱਚ ਉਹ ਜ਼ਖ਼ਮੀ ਹੋ ਕੇ ਹੇਠਾਂ ਡਿੱਗ ਗਿਆ। ਇਸ ਮਗਰੋਂ ਪੁਲੀਸ ਨੇ ਮੁਲਜ਼ਮ ਨੂੰ ਕਾਬੁ ਕਰ ਲਿਆ ਜਿਸ ਤੋਂ ਪੁਲੀਸ ਨੂੰ ਤਿੰਨ ਨਾਜਾਇਜ਼ ਪਿਸਤੌਲ ਅਤੇ 25 ਜਿੰਦਾ ਕਾਰਤੂਸ ਬਰਾਮਦ ਹੋਏ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਦੇ ਫਲੈਟ ਵਿੱਚੋਂ ਉਸ ਤੋਂ ਅੱਧਾ ਕਿੱਲੋ ਅਫੀਮ ਅਤੇ ਹੇਠਾਂ ਪਾਰਕਿੰਗ ਵਿੱਚ ਖੜ੍ਹੀਆਂ ਤਿੰਨ ਲਗਜ਼ਰੀ ਗੱਡੀਆਂ ਬਰਾਮਦ ਹੋਈਆਂ ਹਨ ਜਿਨ੍ਹਾਂ ਵਿੱਚ ਇਕ ਮਰਸਡੀਜ਼, ਇਕ ਓਡੀ ਅਤੇ ਇਕ ਹੋਰ ਮਹਿੰਗੀ ਗੱਡੀ ਸ਼ਾਮਲ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਮਲਜ਼ਮ ਦਾ ਇਸੇ ਸੁਸਾਇਟੀ ਵਿੱਚ ਇਕ ਹੋਰ ਫਲੈਟ ਹੈ ਜਿਥੋਂ ਹੋਰ ਵੀ ਨਸ਼ਿਆਂ ਦਾ ਸਾਮਾਨ ਬਰਾਮਦ ਹੋਣ ਦੀ ਆਸ ਹੈ। ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਇਸ ਸੁਸਾਇਟੀ ਵਿੱਚ ਆਪਣੇ ਪਰਿਵਾਰ ਨਾਲ ਰਹਿੰਦਾ ਸੀ ਅਤੇ ਇਥੋਂ ਹੀ ਪੂਰੇ ਸੂਬੇ ਵਿੱਚ ਨਸ਼ੇ ਦੀ ਤਸਕਰੀ ਕਰਦਾ ਸੀ। ਉਨ੍ਹਾਂ ਨੇ ਦੱਸਿਆ ਕਿ ਉਹ ਨਕਲੀ ਵੇਵ ਪ੍ਰਾਟੀਨ ਬਣਾਉਣ ਦੀ ਵੀ ਗੋਰਖਧੰਦਾ ਚਲਾਉਂਦਾ ਸੀ ਜਿਸਦਾ ਖੁਲਾਸਾ ਜਾਂਚ ਤੋਂ ਬਾਅਦ ਸਾਹਮਣੇ ਆਏਗਾ।