ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਸਰਕਾਰ ਵੱਲੋਂ ਭਾਰੀ ਮੀਂਹ ਦੇ ਮੱਦੇਨਜ਼ਰ ਰਾਜ ਦੇ ਸਾਰੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਸੀ, ਪਰ ਇਸਦੇ ਬਾਵਜੂਦ ਗੁਰਦਾਸਪੁਰ ਜ਼ਿਲ੍ਹੇ ਦੇ ਦਬੂਰੀ ਪਿੰਡ ਵਿੱਚ ਸਥਿਤ ਜਵਾਹਰ ਨਵੋਦਯਾ ਸਕੂਲ ਵਿੱਚ ਲਗਭਗ 400 ਬੱਚਿਆਂ ਨੂੰ ਸਕੂਲ ਬੁਲਾਇਆ ਗਿਆ। ਸਕੂਲ ਵਿੱਚ 4 ਤੋਂ 5 ਫੁੱਟ ਤੱਕ ਪਾਣੀ ਭਰ ਗਿਆ, ਜਿਸ ਕਰਕੇ ਵਿਦਿਆਰਥੀ ਅਤੇ ਸਟਾਫ ਅੰਦਰ ਹੀ ਫਸੇ ਰਹੇ।
ਇਹ ਸਥਿਤੀ ਸਕੂਲ ਪ੍ਰਬੰਧਨ ਖ਼ਾਸਕਰ ਪ੍ਰਿੰਸਿਪਲ ਦੀ ਲਾਪਰਵਾਹੀ ਕਾਰਨ ਬਣੀ, ਕਿਉਂਕਿ ਮੁੱਖ ਮੰਤਰੀ ਵੱਲੋਂ ਛੁੱਟੀ ਦੇ ਹੁਕਮ ਦੇ ਬਾਵਜੂਦ ਸਕੂਲ ਬੰਦ ਨਹੀਂ ਕੀਤਾ ਗਿਆ। ਹਾਲਾਤ ਗੰਭੀਰ ਹੋਣ ‘ਤੇ ਸਥਾਨਕ ਪ੍ਰਸ਼ਾਸਨ ਅਤੇ ਆਫ਼ਤ ਪ੍ਰਬੰਧਨ ਵਿਭਾਗ ਨੂੰ ਸੂਚਿਤ ਕੀਤਾ ਗਿਆ ਹੈ। ਐਨਡੀਆਰਐਫ ਅਤੇ ਹੋਰ ਬਚਾਅ ਟੀਮਾਂ ਮੌਕੇ ‘ਤੇ ਪਹੁੰਚ ਕੇ ਰੇਸਕਿਊ ਕੰਮ ਵਿੱਚ ਜੁਟੀਆਂ ਹੋਈਆਂ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਰੀਬ 200 ਬੱਚੇ ਅਤੇ ਅਧਿਆਪਕ ਹਾਲੇ ਵੀ ਸਕੂਲ ਵਿੱਚ ਫਸੇ ਹੋਏ ਹਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਕੋਸ਼ਿਸ਼ ਜਾਰੀ ਹੈ।
ਜਾਣਕਾਰੀ ਮੁਤਾਬਕ, 26 ਅਗਸਤ ਨੂੰ ਮੁੱਖ ਮੰਤਰੀ ਵੱਲੋਂ ਭਾਰੀ ਮੀਂਹ ਅਤੇ ਜਲਭਰਾਅ ਦੀ ਸੰਭਾਵਨਾ ਦੇ ਚਲਦਿਆਂ ਸਾਰੇ ਸਕੂਲਾਂ ਵਿੱਚ ਛੁੱਟੀ ਘੋਸ਼ਿਤ ਕੀਤੀ ਗਈ ਸੀ। ਇਸਦੇ ਬਾਵਜੂਦ ਦਬੂਰੀ ਦੇ ਇਸ ਸਕੂਲ ਵਿੱਚ ਵਿਦਿਆਰਥੀਆਂ ਨੂੰ ਬੁਲਾਇਆ ਗਿਆ ਅਤੇ ਬਾਅਦ ਵਿੱਚ ਉਹਨਾਂ ਨੂੰ ਕੈਂਪਸ ਤੋਂ ਬਾਹਰ ਜਾਣ ਨਹੀਂ ਦਿੱਤਾ ਗਿਆ। ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸਕੂਲ ਚਾਰੋਂ ਪਾਸੇ ਪਾਣੀ ਨਾਲ ਘਿਰ ਗਿਆ।
ਸਥਾਨਕ ਲੋਕਾਂ ਨੇ ਦੱਸਿਆ ਕਿ ਸਕੂਲ ਦੇ ਆਲੇ-ਦੁਆਲੇ ਦੀਆਂ ਸੜਕਾਂ ਤੇ ਗਲੀਆਂ ਵਿੱਚ ਵੀ ਪਾਣੀ ਭਰ ਗਿਆ ਹੈ, ਜਿਸ ਕਰਕੇ ਬਚਾਅ ਕਾਰਜ ਵਿੱਚ ਰੁਕਾਵਟ ਆ ਰਹੀ ਹੈ। ਕਈ ਮਾਪੇ ਵੀ ਮੌਕੇ ‘ਤੇ ਪਹੁੰਚੇ ਪਰ ਪਾਣੀ ਦੀ ਸਥਿਤੀ ਵੇਖ ਕੇ ਉਹ ਵੀ ਆਪਣੇ ਬੱਚਿਆਂ ਤੱਕ ਨਹੀਂ ਪਹੁੰਚ ਸਕੇ। ਕੁਝ ਮਾਪਿਆਂ ਨੇ ਪ੍ਰਸ਼ਾਸਨ ‘ਤੇ ਗੰਭੀਰ ਲਾਪਰਵਾਹੀ ਦੇ ਦੋਸ਼ ਲਗਾਏ ਹਨ ਕਿ ਜਦੋਂ ਸਰਕਾਰ ਪਹਿਲਾਂ ਹੀ ਛੁੱਟੀ ਦਾ ਐਲਾਨ ਕਰ ਚੁੱਕੀ ਸੀ ਤਾਂ ਬੱਚਿਆਂ ਨੂੰ ਸਕੂਲ ਕਿਉਂ ਬੁਲਾਇਆ ਗਿਆ? ਹੁਣ ਉਹਨਾਂ ਦੀ ਜ਼ਿੰਦਗੀ ਖਤਰੇ ਵਿੱਚ ਪਈ ਹੈ।
