ਨੈਸ਼ਨਲ ਟਾਈਮਜ਼ ਬਿਊਰੋ :- ਮਾਰਕ ਕਾਰਨੀ ਨੇ ਲਿਬਰਲ ਪਾਰਟੀ ਦੇ ਨਵੇਂ ਨੇਤਾ ਵਜੋਂ ਭਾਰੀ ਜਿੱਤ ਦਰਜ ਕਰਕੇ ਕਨੇਡਾ ਦੇ ਪ੍ਰਧਾਨ ਮੰਤਰੀ ਬਣਨ ਦਾ ਰਾਹ ਸਾਫ਼ ਕਰ ਲਿਆ ਹੈ। ਉਹ ਪਹਿਲਾਂ ਨਾ ਤਾਂ ਕਿਸੇ ਚੋਣ ‘ਚ ਉਤਰੇ, ਨਾ ਹੀ ਹਾਊਸ ਆਫ਼ ਕਾਮਨਜ਼ ਦੇ ਮੈਂਬਰ ਹਨ, ਪਰ ਫਿਰ ਵੀ ਉਨ੍ਹਾਂ ਨੇ 85% ਤੋਂ ਵੱਧ ਵੋਟਾਂ ਨਾਲ ਪਹਿਲੇ ਹੀ ਰਾਊਂਡ ‘ਚ ਵੱਡੀ ਜਿੱਤ ਹਾਸਲ ਕੀਤੀ। ਪੂਰੇ ਦੇਸ਼ ਦੀਆਂ 343 ਸੀਟਾਂ ‘ਚ ਉਨ੍ਹਾਂ ਨੂੰ ਭਾਰੀ ਸਮਰਥਨ ਮਿਲਿਆ, ਜਿਸ ਨਾਲ ਉਹ ਸਾਬਤ ਕਰ ਗਏ ਕਿ ਲੋਕ ਉਨ੍ਹਾਂ ਦੇ ਨਾਲ ਖੜ੍ਹੇ ਹਨ।
ਜਿੱਤ ਮਗਰੋਂ, ਉਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ, ਮੇਰੀ ਜ਼ਿੰਦਗੀ ਦਾ ਹਰ ਤਜਰਬਾ ਮੈਨੂੰ ਅੱਜ ਇਥੇ ਲਿਆਇਆ ਹੈ। ਮੈਂ ਦੇਸ਼ ਵਿੱਚ ਵੱਡੇ ਬਦਲਾਅ ਲਿਆਉਣਾ ਚਾਹੁੰਦਾ ਹਾਂ, ਜੋ ਸਾਡੇ ਮੂਲ ਕਨੇਡੀਆਈ ਮੁੱਲਾਂ ‘ਤੇ ਆਧਾਰਿਤ ਹੋਣ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਮਾਪੇ ਅਧਿਆਪਕ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਮੇਹਨਤ, ਭਾਈਚਾਰੇ ਅਤੇ ਸਹਿਨਸ਼ੀਲਤਾ ਦੀ ਮਹੱਤਤਾ ਸਿਖਾਈ।
ਕਾਰਨੀ ਨੇ ਇਹ ਵੀ ਐਲਾਨ ਕੀਤਾ ਕਿ ਅਮਰੀਕਾ ਵਲੋਂ “ਸੰਮਾਨ ਨਾ ਮਿਲਣ ਤਕ” ਕਨੇਡਾ ਦੀਆਂ ਟੈਰੀਫ਼ ਫੀਸਾਂ ਜਾਰੀ ਰਹਿਣਗੀਆਂ। ਇਹ ਸਾਰੀ ਰਕਮ ਕੰਮਗਾਰਾਂ ਦੀ ਭਲਾਈ ‘ਚ ਲਗਾਈ ਜਾਵੇਗੀ। ਉਨ੍ਹਾਂ ਨੇ ਹਾਕੀ ਦੀ ਭਾਸ਼ਾ ‘ਚ ਅਮਰੀਕਾ ਨੂੰ ਸੁਣਾਉਂਦਿਆਂ ਕਿਹਾ, “ਅਸੀਂ ਇਹ ਲੜਾਈ ਸ਼ੁਰੂ ਨਹੀਂ ਕੀਤੀ, ਪਰ ਜਦੋਂ ਕੋਈ ਦਸਤਾਨੇ ਸੁੱਟ ਦਿੰਦਾ ਹੈ, ਤਾਂ ਕਨੇਡਾ ਵੀ ਤਿਆਰ ਹੁੰਦਾ ਹੈ। ਵਪਾਰ ‘ਚ ਵੀ, ਹਾਕੀ ਵਾਂਗ, ਅਸੀਂ ਜਿੱਤਾਂਗੇ।”
