ਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡਾ ਦੀ ਨਵੀਂ ਸਰਕਾਰ ਵਿੱਚ ਅਨੀਤਾ ਆਨੰਦ ਤੇ ਕਮਲ ਖੇੜਾ ਵੱਡੇ ਅਹੁਦਿਆਂ ‘ਤੇ ਨਿਯੁਕਤ ਕੀਤੀਆਂ ਗਈਆਂ ਹਨ। ਭਾਰਤੀ ਮੂਲ ਦੀਆਂ ਇਹ ਦੋਨੋਂ ਔਰਤਾਂ, ਜੋ ਪਹਿਲਾਂ ਤੋਂ ਹੀ ਕੈਨੇਡਾ ਦੀ ਰਾਜਨੀਤੀ ‘ਚ ਇੱਕ ਵਧੀਆ ਪਛਾਣ ਬਣਾ ਚੁੱਕੀਆਂ ਹਨ, ਹੁਣ ਉਦਯੋਗ ਅਤੇ ਸਿਹਤ ਮੰਤਰੀ ਵਜੋਂ ਦੇਸ਼ ਦੀਆਂ ਨਵੀਆਂ ਜ਼ਿੰਮੇਵਾਰੀਆਂ ਨਿਭਾਉਣਗੀਆਂ।
ਕਮਲ ਖੇੜਾ – ਨਵੀਂ ਸਿਹਤ ਮੰਤਰੀ
ਦਿੱਲੀ ਵਿੱਚ ਜਨਮੀ ਕਮਲ ਖੇੜਾ, ਜਿਹਨਾਂ ਦਾ ਪਰਿਵਾਰ ਉਨ੍ਹਾਂ ਦੇ ਬਚਪਨ ਦੌਰਾਨ ਕੈਨੇਡਾ ਚਲਾ ਗਿਆ ਸੀ, 2015 ਵਿੱਚ ਬਰੈਂਪਟਨ ਵੈਸਟ ਤੋਂ ਸੰਸਦ ਮੈਂਬਰ ਬਣੀਆਂ। ਉਹ ਇੱਕ ਰਜਿਸਟਰਡ ਨਰਸ, ਕਮਿਉਨਿਟੀ ਵਲੰਟੀਅਰ ਅਤੇ ਰਾਜਨੀਤਕ ਕਾਰਕੁਨ ਹਨ। ਕੋਵਿਡ-19 ਮਹਾਮਾਰੀ ਦੌਰਾਨ, ਉਨ੍ਹਾਂ ਨੇ ਸਵੈ-ਸੇਵੀ ਨਰਸ ਵਜੋਂ ਗੇ ਆਕੇ ਕੰਮ ਕੀਤਾ ਸੀ। ਸਿਹਤ ਮੰਤਰੀ ਬਣਨ ‘ਤੇ ਕਮਲ ਨੇ ਕਿਹਾ, “ਮੇਰੀ ਪਹਿਲੀ ਤਰਜੀਹ ਹਮੇਸ਼ਾ ਮਰੀਜ਼ ਰਹੇ ਹਨ, ਅਤੇ ਹੁਣ ਇਹ ਜ਼ਿੰਮੇਵਾਰੀ ਇੱਕ ਹੋਰ ਵੱਡੇ ਪੱਧਰ ‘ਤੇ ਨਿਭਾਉਣੀ ਹੈ।”
ਅਨੀਤਾ ਆਨੰਦ – ਉਦਯੋਗ ਮੰਤਰੀ
ਨੋਵਾ ਸਕੋਟੀਆ ਵਿੱਚ ਪੈਦਾ ਹੋਈਆਂ ਅਨੀਤਾ ਆਨੰਦ ਪਹਿਲੀ ਵਾਰ 2019 ਵਿੱਚ ਓਕਵਿਲ ਤੋਂ ਸੰਸਦ ਮੈਂਬਰ ਬਣੀਆਂ। ਉਨ੍ਹਾਂ ਨੇ ਪਹਿਲਾਂ ਰਾਸ਼ਟਰੀ ਰੱਖਿਆ ਮੰਤਰੀ ਅਤੇ ਜਨਤਕ ਸੇਵਾਵਾਂ ਅਤੇ ਖਰੀਦ ਮੰਤਰੀ ਵਜੋਂ ਵੀ ਕੰਮ ਕੀਤਾ। ਉਨ੍ਹਾਂ ਨੇ ਮੰਤਰੀ ਬਣਨ ‘ਤੇ ਕਿਹਾ, “ਕੈਨੇਡਾ ਦੀ ਆਰਥਿਕਤਾ ਮਜ਼ਬੂਤ ਬਣਾਉਣ ਲਈ ਨਵੀਨਤਾ ਅਤੇ ਵਿਗਿਆਨ ਦਾ ਉੱਚਾ ਦਰਜਾ ਲਿਆਉਣ ਦੀ ਲੋੜ ਹੈ।”
ਨਵਾਂ ਯੁਗ, ਨਵੀਆਂ ਜ਼ਿੰਮੇਵਾਰੀਆਂ
ਅਨੀਤਾ ਆਨੰਦ ਅਤੇ ਕਮਲ ਖੇੜਾ ਭਾਰਤੀ ਮੂਲ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਕੈਨੇਡੀਅਨ ਆਗੂਆਂ ਵਿੱਚੋਂ ਹਨ, ਜੋ ਹੁਣ ਕੈਨੇਡਾ ਦੇ ਉਦਯੋਗ ਅਤੇ ਸਿਹਤ ਖੇਤਰ ਨੂੰ ਅਗੇ ਵਧਾਉਣ ‘ਚ ਆਗੂ ਭੂਮਿਕਾ ਨਿਭਾਉਣਗੀਆਂ।
