ਨੈਸ਼ਨਲ ਟਾਈਮਜ਼ ਬਿਊਰੋ, ਚੰਡੀਗੜ੍ਹ, 19 ਮਾਰਚ 2025 :- ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (MSP) ਅਤੇ ਹੋਰ ਮੰਗਾਂ ‘ਤੇ ਕਿਸਾਨ ਆਗੂਆਂ ਅਤੇ ਕੇਂਦਰ ਸਰਕਾਰ ਵਿਚਾਲੇ ਅੱਜ ਸੱਤਵੇਂ ਦੌਰ ਦੀ ਗੱਲਬਾਤ ਹੋਵੇਗੀ। ਇਹ ਮੀਟਿੰਗ ਚੰਡੀਗੜ੍ਹ ਦੇ ਸੈਕਟਰ-26 ‘ਚ ਸਥਿਤ ਮਹਾਤਮਾ ਗਾਂਧੀ ਇੰਸਟੀਚਿਊਟ ਵਿਖੇ ਸਵੇਰੇ 11 ਵਜੇ ਸ਼ੁਰੂ ਹੋਵੇਗੀ, ਜਿਸ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਪੰਜਾਬ ਸਰਕਾਰ ਦੇ ਮੰਤਰੀ ਤੇ ਉੱਚ ਅਧਿਕਾਰੀ ਸ਼ਾਮਲ ਹੋਣਗੇ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਦੀ ਅਗਵਾਈ ‘ਚ 28 ਕਿਸਾਨ ਆਗੂ ਵੀ ਇਸ ਮੀਟਿੰਗ ਲਈ ਪਹੁੰਚਣਗੇ। ਕਿਸਾਨ ਆਗੂਆਂ ਨੇ ਉਮੀਦ ਜਤਾਈ ਹੈ ਕਿ ਕੇਂਦਰ ਸਰਕਾਰ ਅੱਜ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਹੱਲ ਲੱਭੇਗੀ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਖਨੌਰੀ ਅਤੇ ਸ਼ੰਭੂ ਸਰਹੱਦਾਂ ‘ਤੇ ਲਗਾਏ ਗਏ ਬੈਰੀਕੇਡ ਹਟਾਏ ਜਾਣੇ ਚਾਹੀਦੇ ਹਨ, ਤਾਂ ਜੋ ਟਰਾਂਸਪੋਰਟਰਾਂ, ਵਪਾਰੀਆਂ ਅਤੇ ਆਮ ਲੋਕਾਂ ਨੂੰ ਆਉਣ-ਜਾਣ ‘ਚ ਆਸਾਨੀ ਹੋਵੇ। ਉਨ੍ਹਾਂ ਦਾ ਕਹਿਣਾ ਹੈ ਕਿ ਬੈਰੀਕੇਡਿੰਗ ਕਾਰਨ ਉੱਤਰੀ ਭਾਰਤ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚ ਰਿਹਾ ਹੈ। ਕਿਸਾਨਾਂ ਨੇ 21 ਮਾਰਚ ਨੂੰ ਪੰਜਾਬ ਤੇ ਹਰਿਆਣਾ ਦੇ ਵਿਧਾਇਕਾਂ ਦੇ ਘਰਾਂ ‘ਤੇ ਜਾ ਕੇ ਆਪਣੀਆਂ ਮੰਗਾਂ ਦਾ ਮੰਗ ਪੱਤਰ ਸੌਂਪਣ ਦਾ ਐਲਾਨ ਵੀ ਕੀਤਾ ਹੈ।
ਜਗਜੀਤ ਸਿੰਘ ਡੱਲੇਵਾਲ, ਜੋ ਕਿ 113 ਦਿਨਾਂ ਤੋਂ ਖਨੌਰੀ ਸਰਹੱਦ ‘ਤੇ ਭੁੱਖ ਹੜਤਾਲ ‘ਤੇ ਹਨ, ਉਹ ਵੀ ਅੱਜ ਐਂਬੂਲੈਂਸ ਰਾਹੀਂ ਚੰਡੀਗੜ੍ਹ ਮੀਟਿੰਗ ਲਈ ਪਹੁੰਚ ਰਹੇ ਹਨ। ਉਨ੍ਹਾਂ ਨੇ 14 ਅਤੇ 22 ਫਰਵਰੀ ਦੀਆਂ ਪਿਛਲੀਆਂ ਮੀਟਿੰਗਾਂ ‘ਚ ਵੀ ਇਸੇ ਤਰੀਕੇ ਨਾਲ ਹਿਸਾ ਲਿਆ ਸੀ। ਪਿਛਲੀ ਮੀਟਿੰਗ ਦੌਰਾਨ, ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਡੱਲੇਵਾਲ ਦੀ ਸਿਹਤ ਬਾਰੇ ਵੀ ਪੁੱਛਿਆ ਸੀ।
ਅੱਜ ਦੀ ਗੱਲਬਾਤ ਤੋਂ ਇਹ ਤੈ ਹੋਵੇਗਾ ਕਿ ਕਿਸਾਨਾਂ ਦੀਆਂ ਮੁੱਖ ਮੰਗਾਂ ‘ਤੇ ਕੇਂਦਰ ਸਰਕਾਰ ਕੀ ਫੈਸਲਾ ਲੈਂਦੀ ਹੈ।
