ਨੈਸ਼ਨਲ ਟਾਈਮਜ਼ ਬਿਊਰੋ :- ਪਾਣੀਪਤ ਦੇ ਵਿਕਾਸ ਨਗਰ ‘ਚ ਜੇਜੇਪੀ ਦੇ ਯੁਵਾ ਨੇਤਾ ਰਵਿੰਦਰ ਉਰਫ਼ ਮੀਨਾ (32) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸ਼ੁੱਕਰਵਾਰ ਸ਼ਾਮ 7:30 ਵਜੇ ਰਵਿੰਦਰ ਦੇ ਹੀ ਗੁਆਂਢੀ ਰਣਬੀਰ ਨੇ ਇਹ ਵਾਰਦਾਤ ਨੂੰ ਅੰਜ਼ਾਮ ਦਿੱਤਾ। ਹਮਲੇ ‘ਚ ਵਿਨੈ ਤੇ ਵਿਨੀਤ ਨੂੰ ਵੀ ਗੋਲੀਆਂ ਲੱਗੀਆਂ, ਜੋ ਅਜੇ ਵੀ ਹਸਪਤਾਲ ‘ਚ ਜ਼ਖ਼ਮੀ ਹਨ।
ਪਹਿਲਾਂ ਪਰਿਵਾਰ ‘ਚ ਝਗੜਾ ਚੱਲ ਰਿਹਾ ਸੀ। ਰਵਿੰਦਰ ਦੀ ਭਾਬੀ ਦਾ ਵਿਆਹ ਰਣਬੀਰ ਦੇ ਜੀਜੇ ਨਾਲ ਹੋਇਆ ਸੀ, ਪਰ ਉਨ੍ਹਾਂ ਦੀ ਅਣਬਣ ਚੱਲ ਰਹੀ ਸੀ। ਸ਼ਾਮ ਨੂੰ ਰਣਬੀਰ ਗੁਆਂਢੀ ਰਾਜਬੀਰ ਦੇ ਘਰ ਗਿਆ, ਜਿੱਥੇ ਵਿਨੈ ਵੀ ਪਹੁੰਚ ਗਿਆ। ਰਣਬੀਰ ਨੇ ਤੁਰੰਤ ਵਿਨੈ ਦੇ ਪੇਟ ‘ਚ ਗੋਲੀ ਮਾਰੀ। ਗੋਲੀ ਦੀ ਆਵਾਜ਼ ਸੁਣ ਕੇ ਰਵਿੰਦਰ ਤੇ ਵਿਨੀਤ ਵੀ ਉੱਥੇ ਆ ਗਏ, ਜਿਸ ‘ਤੇ ਰਣਬੀਰ ਨੇ ਰਵਿੰਦਰ ਦੇ ਮੱਥੇ ‘ਚ ਗੋਲੀ ਮਾਰ ਦਿੱਤੀ ਅਤੇ ਵਿਨੀਤ ਦੇ ਪੇਟ ‘ਚ ਵੀ ਗੋਲੀ ਲਗਣ ਕਾਰਨ ਉਹ ਗੰਭੀਰ ਹੋ ਗਿਆ।
ਵਾਰਦਾਤ ਤੋਂ ਬਾਅਦ ਰਣਬੀਰ ਮੌਕੇ ਤੋਂ ਫ਼ਰਾਰ ਹੋ ਗਿਆ। ਪਰਿਵਾਰ ਨੇ ਤਿੰਨਾਂ ਨੂੰ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਰਵਿੰਦਰ ਨੂੰ ਮ੍ਰਿਤਕ ਐਲਾਨ ਦਿੱਤਾ। ਹਾਲਾਤ ਤਨਾਅਪੂਰਨ ਹਨ, ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
