ਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਨਾਲ ਦੇਸ਼ ਦੇ ਲੰਮੇ ਸਮੇਂ ਤੋਂ ਚੱਲ ਰਹੇ ਆਰਥਿਕ ਅਤੇ ਸੁਰੱਖਿਆ ਸੰਬੰਧ ਹੁਣ ਖਤਮ ਹੋ ਚੁੱਕੇ ਹਨ। ਉਨ੍ਹਾਂ ਕਿਹਾ, “ਜੋ ਸੰਬੰਧ ਸਾਨੂੰ ਆਰਥਿਕ ਇਕਜੁੱਟਤਾ ਅਤੇ ਫੌਜੀ ਸਹਿਯੋਗ ਰਾਹੀਂ ਜੋੜਦੇ ਸਨ, ਉਹ ਹੁਣ ਮੁਕ ਗਏ ਹਨ।”ਓਟਾਵਾ ਵਿੱਚ ਕੈਬਿਨੇਟ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਾਰਨੀ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਹ ਸੰਬੰਧ ਹਮੇਸ਼ਾ ਲਈ ਬਦਲ ਦਿੱਤੇ ਹਨ ਅਤੇ ਹੁਣ ਪਿੱਛੇ ਮੁੜਨ ਦਾ ਕੋਈ ਰਾਹ ਨਹੀਂ। ਉਨ੍ਹਾਂ ਟਰੰਪ ਵੱਲੋਂ ਲਗਾਈਆਂ ਗਈਆਂ ਨਵੀਆਂ ਆਟੋ ਟੈਰਿਫ਼ਾਂ ਨੂੰ “ਅਣਜਾਇਜ਼” ਕਰਾਰ ਦਿੰਦਿਆਂ ਕਿਹਾ ਕਿ ਇਹ ਮੌਜੂਦਾ ਵਪਾਰਕ ਸਮਝੌਤਿਆਂ ਦੀ ਉਲੰਘਣਾ ਹਨ।
ਕਾਰਨੀ ਨੇ ਕਿਹਾ ਕਿ ਹੁਣ ਕੈਨੇਡਾ ਨੂੰ ਆਪਣੀ ਆਰਥਿਕਤਾ ਦੀ ਮੁੜ ਪਰਿਭਾਸ਼ਾ ਕਰਨੀ ਪਵੇਗੀ। ਉਨ੍ਹਾਂ ਜਵਾਬੀ ਕਾਰਵਾਈ ਤਹਿਤ ਅਮਰੀਕਾ ‘ਤੇ ਵੱਧ ਤੋਂ ਵੱਧ ਦਬਾਅ ਪਾਉਣ ਵਾਲੇ ਨਵੇਂ ਉਪਾਅ ਲਾਗੂ ਕਰਨ ਦੀ ਗੱਲ ਵੀ ਕਹੀ। ਇਸ ਤਰ੍ਹਾਂ, ਟਰੰਪ ਵੱਲੋਂ ਆਯਾਤ ਕੀਤੀਆਂ ਗੱਡੀਆਂ ਅਤੇ ਆਟੋ ਪਾਰਟਸ ‘ਤੇ 25% ਟੈਰਿਫ਼ ਲਗਾਉਣ ਦੇ ਐਲਾਨ ਨੇ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਤਣਾਅ ਨੂੰ ਹੋਰ ਵਧਾ ਦਿੱਤਾ ਹੈ। ਟਰੰਪ ਨੇ ਵੀ ਇਹ ਸਾਫ਼ ਕਰ ਦਿੱਤਾ ਕਿ ਇਹ ਫੈਸਲਾ ਹਮੇਸ਼ਾ ਲਈ ਹੈ ਅਤੇ ਇਸ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ।
