ਢਿੱਲੋਂ ਨੇ ਮੁਜ਼ਾਹਰਾ ਸਿਆਸਤ ਤੋਂ ਪੇ੍ਰਿਤ ਦੱਸਿਆ
ਨੈਸ਼ਨਲ ਟਾਈਮਜ਼ ਬਿਊਰੋ :- ਸਿਵਲ ਹਸਪਤਾਲ ਵਿੱਚ ਪਿੰਡ ਮੁਕੰਦਪੁਰ ਦੇ ਦੋ ਧੜਿਆਂ ਵਿਚਕਾਰ ਹੋਈ ਖੂਨੀ ਝੜਪ ਦਾ ਮਾਮਲਾ ਠੰਢਾ ਹੋਣ ਦਾ ਨਾਂਅ ਨਹੀਂ ਲੈ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਅੱਜ ਗੁੱਜਰ ਭਾਈਚਾਰੇ ਅਤੇ ਹੋਰਨਾਂ ਪਿੰਡਾਂ ਦੇ ਸਰਪੰਚਾਂ ਪੰਚਾਂ ਵੱਲੋਂ ਪੁਲੀਸ ਸਟੇਸ਼ਨ ਦੇ ਬਾਹਰ ਸੜਕ ’ਤੇ ਜਾਮ ਲਾ ਕੇ ਸਵੇਰ ਸਾਢੇ ਵਜੇ ਤੋਂ ਲੈ ਕੇ ਇਕ ਵਜੇ ਤੱਕ ਧਰਨਾ ਦਿੱਤਾ ਗਿਆ।
ਡੀ.ਐਸ.ਪੀ. ਬਿਕਰਮਜੀਤ ਸਿੰਘ ਬਰਾੜ ਨੇ ਮੌਕੇ ’ਤੇ ਪਹੁੰਚ ਕੇ ਮੁਜ਼ਾਹਰਾਕਾਰੀਆਂ ਤੋਂ ਮੰਗ ਪੱਤਰ ਲੈ ਕੇ ਬਣਦੀ ਕਾਰਵਾਈ ਦਾ ਭਰੋਸਾ ਦੇ ਕੇ ਜਾਮ ਖੁੱਲ੍ਹਵਾਇਆ। ਮੁਜ਼ਹਰਾਕਾਰੀਆਂ ਨੇ ਮੰਗ ਕੀਤੀ ਕਿ ਇਸ ਝਗੜੇ ਦੇ ਮੁੱਖ ਦੋਸ਼ੀ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਦੇ ਲੜਕੇ ਉਦੈਵੀਰ ਸਿੰਘ ਢਿੱਲੋਂ ਖ਼ਿਲਾਫ਼ ਕੇਸ ਦਰਜ ਜਲਦ ਗ੍ਰਿਫਤਾਰ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਪੁਲੀਸ ਨੂੰ ਉਦੈਵੀਰ ਸਿੰਘ ਢਿੱਲੋਂ ਦਾ ਐਫ.ਆਈ.ਆਰ. ਵਿੱਚ ਸ਼ਾਮਲ ਕਰਨ ਲਈ ਦੋ ਦਿਨ ਦਾ ਸਮਾਂ ਦਿੱਤਾ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਦੋ ਦਿਨ ਵਿੱਚ ਕੇਸ ਵਿੱਚ ਨਾਂਅ ਸ਼ਾਮਲ ਕੀਤਾ ਤਾਂ ਉਹ ਮੁੜ ਤੋਂ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।
ਇਸ ਮੌਕੇ ਮੁਜ਼ਹਰਾਕਾਰੀਆਂ ਨੇ ਦੀਪਇੰਦਰ ਸਿੰਘ ਢਿੱਲੋਂ ਅਤੇ ਉਦੈਵੀਰ ਸਿੰਘ ਢਿੱਲੋਂ ਦਾ ਪੁਤਰਾ ਵੀ ਸਾੜਿਆ।ਇਕੱਤਰ ਕੀਤੀ ਜਾਣਕਾਰੀ ਅਨੁਸਾਰ ਧਰਨੇ ਵਿੱਚ ਮਾਰਕੀਟ ਕਮੇਟੀ ਦੇ ਚੇਅਰਮੈਨ ਕੁਲਦੀਪ ਚੌਧਰੀ ਮੀਆਂਪੁਰ, ਕੰਵਰਪਾਲ ਖੇੜੀ ਗੁਜਰਾਂ, ਜਸਮੇਰ ਸਿੰਘ ਕੁੜਾਵਾਲਾ, ਤਰਸੇਮ ਹਰੀਪੁਰ, ਗੁਰਤੇਜ ਸਿੰਘ ਤੇਜੀ ਖੇੜੀ ਗੁਜਰਾਂ, ਬਲਕਾਰ ਬਿਜਨਪੁਰ, ਮਾਮਰਾਜ ਸਾਬਕਾ ਸਰਪੰਚ ਮੁਕੰਦਪੁਰ, ਸਿਉਂ ਰਾਮ ਮੁਕੰਦਪੁਰ, ਸਰਿੰਦਰ ਸਿੰਘ ਸਰਪੰਚ ਪੁਰਾਗਪੁਰ, ਸੰਜੂ ਖੇੜੀ ਗੁਜਰਾਂ, ਗੁਰਦੇਵੀ ਬੇਹੜਾ, ਗੁਰਮੀਤ ਸਿੰਘ ਰਾਣੀ ਮਾਜਰਾ ਸਣੇ ਹੋਰ ਹਾਜ਼ਰ ਸਨ, ਜਿਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਇਹ ਝਗੜਾ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਲੜਕੇ ਉਦੈਵੀਰ ਸਿੰਘ ਢਿੱਲੋਂ ਵੱਲੋਂ ਆਪਣੇ ਸਿਆਸਤ ਚਮਕਾਉਣ ਲਈ ਕਰਵਾਇਆ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਦੋਵੇਂ ਪਿਓ ਪੁੱਤਰ ਇਲਾਕੇ ਵਿੱਚ ਧੜੇਬਾਜ਼ੀ ਪੈਦਾ ਰਹੇ ਹਨ ਜਿਸਦੇ ਵਜੋਂ ਪਿੰਡਾਂ ਦਾ ਭਾਈਚਾਰਾ ਖ਼ਰਾਬ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਉਸ ਦਿਨ ਪਿੰਡ ਅਤੇ ਬਾਅਦ ਵਿੱਚ ਸਿਵਲ ਹਸਪਤਾਲ ਵਿੱਚ ਉਦੈਵੀਰ ਸਿੰਘ ਢਿੱਲੋਂ ਨਾ ਉਕਸਾਉਂਦੇ ਇਹ ਝਗੜਾ ਨਹੀਂ ਹੋ ਸਕਦਾ ਸੀ। ਉਨ੍ਹਾਂ ਨੇ ਕਿਹਾ ਕਿ ਹਸਪਤਾਲ ਵਿੱਚ ਸਪਸ਼ਟ ਨਜਰ ਆ ਰਿਹਾ ਹੈ ਕਿ ਉਦੈਵੀਰ ਸਿੰਘ ਢਿੱਲੋਂ ਮੌਕੇ ’ਤੇ ਹਾਜ਼ਰ ਸੀ ਪਰ ਪੁਲੀਸ ਨੇ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ।ਇਸ ਮੌਕੇ ਦੀਪਇੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਸਿਆਸੀ ਦਬਾਅ ਹੇਠ ਇਹ ਸਭ ਕੁਝ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਆਵਾਜ਼ ਚੁੱਕਣ ’ਤੇ ਸੱਤਾ ਧਾਰੀ ਧਿਰ ਵੱਲੋਂ ਸ਼ਿਕਾਇਤਕਰਤਾ ਧਿਰ ’ਤੇ ਪਹਿਲਾਂ ਪਿੰਡ ਵਿੱਚ ਅਤੇ ਬਾਅਦ ਵਿੱਚ ਹਸਪਤਾਲ ਵਿੱਚ ਹਮਲਾ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਪੁਲੀਸ ਨੇ ਸੱਤਾ ਧਾਰੀ ਧਿਰ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਸਗੋਂ ਮਾਮਲੇ ਨੂੰ ਦਬਾਉਣ ਲਈ ਉਨ੍ਹਾਂ ਦੇ ਲੜਕੇ ਦੇ ਨਾਂਅ ’ਤੇ ਸਿਆਸਤ ਕੀਤੀ ਜਾ ਰਹੀ ਹੈ।ਗੱਲ ਕਰਨ ’ਤੇ ਡੀ.ਐਸ.ਪੀ. ਬਿਕਰਮਜੀਤ ਸਿੰਘ ਬਰਾੜ ਨੇ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਜਿਸ ਮਗਰੋਂ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਏਗੀ। ਉਨ੍ਹਾਂ ਨੇ ਕਿਹਾ ਕਿ ਜੇਕਰ ਸ੍ਰੀ ਢਿੱਲੋਂ ਜਾਂ ਕੋਈ ਹੋਰ ਵੀ ਦੋਸ਼ੀ ਪਾਇਆ ਗਿਆ ਉਸਦਾ ਨਾਂਅ ਸ਼ਾਮਲ ਕੀਤਾ ਜਾਏਗਾ।

