ਨੈਸ਼ਨਲ ਟਾਈਮਜ਼ ਬਿਊਰੋ :- ਓਨਟੇਰਿਓ ਦੀ ਵਿੰਡਸਰ-ਟੇਕੁਮਸੇਹ-ਲੇਕਸ਼ੋਰ ਰਾਈਡਿੰਗ ਵਿਚ ਹੋਈ ਵੋਟਾਂ ਦੀ ਨਿਆਂਇਕ ਮੁੜ ਗਿਣਤੀ ਨੇ ਕੰਜ਼ਰਵੇਟਿਵ ਉਮੀਦਵਾਰ ਕੈਥੀ ਬੋਰੈਲੀ ਦੀ ਜਿੱਤ ਦੀ ਪੁਸ਼ਟੀ ਕੀਤੀ ਹੈ।
ਕੈਥੀ ਨੇ 4 ਵੋਟਾਂ ਦੇ ਫ਼ਰਕ ਨਾਲ ਇਹ ਸੀਟ ਜਿੱਤੀ ਹੈ।
28 ਅਪ੍ਰੈਲ ਨੂੰ ਹੋਈਆਂ ਫ਼ੈਡਰਲ ਚੋਣਾਂ ਵਿਚ ਇਸ ਰਾਈਡਿੰਗ ਤੋਂ ਲਿਬਰਲ ਉਮੀਦਵਾਰ ਆਇਰੈਕ ਕੁਜ਼ਮੀਅਰਜ਼ਿਕ 77 ਵੋਟਾਂ ਤੋਂ ਹਾਰ ਗਏ ਸਨ, ਜਿਸ ਤੋਂ ਬਾਅਦ ਲਿਬਰਲਾਂ ਨੇ ਨਿਆਂਇਕ ਮੁੜ ਗਿਣਤੀ ਦੀ ਮੰਗ ਕੀਤੀ ਸੀ।
ਮੰਗਲਵਾਰ ਨੂੰ ਦੁਬਾਰਾ ਗਿਣਤੀ ਸ਼ੁਰੂ ਹੋਈ ਸੀ ਅਤੇ ਅੰਤਿਮ ਨਤੀਜੇ ਅੱਜ ਸਵੇਰੇ ਐਲਾਨੇ ਗਏ। ਇਸ ਨਤੀਜੇ ਨਾਲ ਹਾਊਸ ਔਫ਼ ਕੌਮਨਜ਼ ਵਿਚ ਪਾਰਟੀਆਂ ਦੀਆਂ ਸੀਟਾਂ ਵਿਚ ਕੋਈ ਤਬਦੀਲੀ ਨਹੀਂ ਆਈ ਹੈ। ਲਿਬਰਲਾਂ ਕੋਲ 170 ਸੀਟਾਂ ਹਨ, ਜੋ ਕਿ ਬਹੁਮਤ ਦੀ ਸਰਕਾਰ ਤੋਂ ਸਿਰਫ਼ ਦੋ ਸੀਟਾਂ ਘੱਟ ਹਨ।
ਕੰਜ਼ਰਵੇਟਿਵਜ਼ ਕੋਲ 143 ਸੀਟਾਂ ਹਨ, ਬਲੌਕ ਕਿਊਬੈਕਵਾ ਕੋਲ 22, ਐਨਡੀਪੀ ਕੋਲ 7 ਅਤੇ ਗ੍ਰੀਨ ਪਾਰਟੀ ਕੋਲ ਇੱਕ ਸੀਟ ਹੈ।
ਨਿਊਫ਼ੰਡਲੈਂਡ ਐਂਡ ਲੈਬਰਾਡੋਰ ਦੀ ਟੈਰਾ ਨੋਵਾ-ਦ ਪੈਨਿਨਸੁਲਾਜ਼ ਰਾਈਡਿੰਗ ਦੀ ਮੁੜ ਗਿਣਤੀ ਦੇ ਨਤੀਜੇ ਅੱਜ ਆਉਣ ਦੀ ਉਮੀਦ ਹੈ। ਚੋਣਾਂ ਵਾਲੇ ਦਿਨ ਇਸ ਰਾਈਡਿੰਗ ਤੋਂ ਲਿਬਰਲ ਉਮੀਦਵਾਰ ਨੇ 12 ਵੋਟਾਂ ਦੇ ਫ਼ਰਕ ਨਾਲ ਜਿੱਤ ਪ੍ਰਾਪਤ ਕੀਤੀ ਸੀ।
