ਫਿਲਮ ਡਾਇਰੈਕਟਰ ਵਿਕ੍ਰਮ ਸੁਗੁਮਾਰਨ ਦਾ ਹਾਰਟ ਅਟੈਕ ਨਾਲ ਦੇਹਾਂਤ

ਨੈਸ਼ਨਲ ਟਾਈਮਜ਼ ਬਿਊਰੋ :- ਪ੍ਰਸਿੱਧ ਫਿਲਮ ਡਾਇਰੈਕਟਰ ਵਿਕ੍ਰਮ ਸੁਗੁਮਾਰਨ ਦਾ ਸੋਮਵਾਰ ਨੂੰ ਚੈਨਈ ਵਿੱਚ ਹਾਰਟ ਅਟੈਕ ਕਾਰਨ ਦੇਹਾਂਤ ਹੋ ਗਿਆ। ਉਹ 47 ਸਾਲ ਦੇ ਸਨ। ਰਿਪੋਰਟਾਂ ਮੁਤਾਬਕ, ਉਹ ਇੱਕ ਨਵੀਂ ਸਕ੍ਰਿਪਟ ਦੀ ਕਹਾਣੀ ਇੱਕ ਪ੍ਰੋਡਿਊਸਰ ਨੂੰ ਸੁਣਾ ਕੇ ਮਦੁਰੈ ਤੋਂ ਵਾਪਸ ਆ ਰਹੇ ਸਨ, ਜਦੋਂ ਰਾਹ ਵਿਚ ਉਨ੍ਹਾਂ ਨੂੰ ਛਾਤੀ ਵਿਚ ਤੇਜ਼ ਦਰਦ ਹੋਈ। ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਪਰ ਡਾਕਟਰ ਉਨ੍ਹਾਂ ਦੀ ਜਾਨ ਨਹੀਂ ਬਚਾ ਸਕੇ।
ਵਿਕ੍ਰਮ ਸੁਗੁਮਾਰਨ ਨੇ ਆਪਣਾ ਕਰੀਅਰ 1999-2000 ਦੌਰਾਨ ਮਹਾਨ ਨਿਰਦੇਸ਼ਕ ਬਾਲੂ ਮਹੇਂਦਰ ਦੇ ਸਹਾਇਕ ਵਜੋਂ ਸ਼ੁਰੂ ਕੀਤਾ ਸੀ। ਬਾਅਦ ਵਿਚ ਉਨ੍ਹਾਂ ਨੇ ਫਿਲਮ ‘ਮਾਧਾ ਯਾਨਾਈ ਕੂਟਮ’ ਨਾਲ ਆਪਣੀ ਪਛਾਣ ਬਣਾਈ। ਉਨ੍ਹਾਂ ਦੀ ਆਖਰੀ ਫਿਲਮ ‘ਰਾਵਣ ਕੋਟੱਮ’ ਸੀ, ਜਿਸ ਵਿੱਚ ਸ਼ਾਂਥਨੁ ਭਗਿਆਰਾਜ ਮੁੱਖ ਭੂਮਿਕਾ ਵਿੱਚ ਸਨ।
ਸ਼ਾਂਥਨੁ ਨੇ X ‘ਤੇ ਮਰਹੂਮ ਨਿਰਦੇਸ਼ਕ ਨੂੰ ਸ਼ਰਧਾਂਜਲੀ ਦਿੰਦੇ ਹੋਏ ਲਿਖਿਆ,”RIP ਪਿਆਰੇ ਭਰਾ। ਮੈਂ ਤੁਹਾਡੇ ਕੋਲੋਂ ਬਹੁਤ ਕੁਝ ਸਿੱਖਿਆ ਅਤੇ ਹਰ ਪਲ ਨੂੰ ਸੰਜੋਅ ਕੇ ਰੱਖਾਂਗਾ। ਬਹੁਤ ਜਲਦੀ ਚਲੇ ਗਏ। ਤੁਹਾਡੀ ਕਮੀ ਮਹਿਸੂਸ ਹੋਵੇਗੀ।” ਵਿਕ੍ਰਮ ਸੁਗੁਮਾਰਨ ਇੱਕ ਨਵੇਂ ਪ੍ਰਾਜੈਕਟ ‘ਥੇਰਮ ਪੋਰੁਮ’ ‘ਤੇ ਕੰਮ ਕਰ ਰਹੇ ਸਨ। ਹਾਲੀਆ ਮੀਡੀਆ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਸੀ ਕਿ ਉਦਯੋਗ ਵਿੱਚ ਕੁਝ ਲੋਕਾਂ ਨੇ ਉਨ੍ਹਾਂ ਨਾਲ ਧੋਖਾ ਕੀਤਾ, ਪਰ ਉਨ੍ਹਾਂ ਕੋਲ ਪੂਖਤਾ ਸਬੂਤ ਨਾ ਹੋਣ ਕਰਕੇ ਉਨ੍ਹਾਂ ਨੇ ਕਿਸੇ ਦਾ ਨਾਂ ਨਹੀਂ ਲਿਆ। ਉਹ ਆਪਣੇ ਪਿੱਛੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਛੱਡ ਗਏ ਹਨ।

By Gurpreet Singh

Leave a Reply

Your email address will not be published. Required fields are marked *