ਤਰਨਤਾਰਨ – ਪੁਲਸ ਲਾਈਨ ’ਚ ਸੇਵਾਵਾਂ ਦੇ ਰਹੇ ਥਾਣੇਦਾਰ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਏ. ਐੱਸ. ਆਈ. ਨੂੰ ਦਿਲ ਦਾ ਦੌਰਾ ਉਸ ਵੇਲੇ ਪਿਆ ਜਦੋਂ ਉਹ ਆਪਣੀ ਡਿਊਟੀ ਉੱਪਰ ਜਾਣ ਸਮੇਂ ਵਰਦੀ ਪਹਿਣ ਰਹੇ ਸਨ। ਇਸ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈਂਦੇ ਹੋਏ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪੁਲਸ ਲਾਈਨ ਤਰਨਤਾਰਨ ਵਿਖੇ ਅਥਰੂ ਗੈਸ ਯੂਨਿਟ ਵਿਚ ਤਾਇਨਾਤ ਏ. ਐੱਸ. ਆਈ. ਸੁਲੱਖਣ ਸਿੰਘ (55) ਪੁੱਤਰ ਦਲੀਪ ਸਿੰਘ ਵਾਸੀ ਪਿੰਡ ਘੜਕਾ ਹਾਲ ਵਾਸੀ ਪੁਲਸ ਲਾਈਨ ਤਰਨਤਾਰਨ ਬੀਤੇ ਐਤਵਾਰ ਸਵੇਰੇ ਡਿਊਟੀ ਉੱਪਰ ਜਾਣ ਲਈ ਕਵਾਟਰ ’ਚ ਵਰਦੀ ਪਹਿਣ ਰਿਹਾ ਸੀ ਤਾਂ ਉਸ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ। ਇਸ ਦੌਰਾਨ ਏ.ਐੱਸ.ਆਈ. ਸੁਲੱਖਣ ਸਿੰਘ ਨੂੰ ਤੁਰੰਤ ਸਿਵਲ ਹਸਪਤਾਲ ਤਰਨਤਾਰਨ ਵਿਖੇ ਇਲਾਜ ਲਈ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਮ੍ਰਿਤਕ ਸੁਲੱਖਣ ਸਿੰਘ ਲੰਮੇ ਸਮੇਂ ਤੋਂ ਜ਼ਿਲ੍ਹਾ ਤਰਨਤਾਰਨ ਪੁਲਸ ਵਿਚ ਵਧੀਆ ਡਿਊਟੀ ਕਰ ਰਹੇ ਸਨ। ਸੁਲੱਖਣ ਸਿੰਘ ਦੀ ਮ੍ਰਿਤਕ ਲਾਸ਼ ਨੂੰ ਥਾਣਾ ਸਿਟੀ ਤਰਨਤਰਨ ਦੀ ਪੁਲਸ ਨੇ ਕਬਜ਼ੇ ’ਚ ਲੈਂਦੇ ਹੋਏ ਅਗਲੇਰੀ ਕਾਨੂੰਨੀ ਕਾਰਵਾਈ ਏ.ਐੱਸ.ਆਈ. ਗੁਰਪ੍ਰੀਤ ਸਿੰਘ ਵੱਲੋਂ ਸ਼ੁਰੂ ਕਰ ਦਿੱਤੀ ਹੈ। ਜਿਨਾਂ ਦਾ ਪੋਸਟਮਾਰਟਮ ਮੰਗਲਵਾਰ ਸਵੇਰੇ ਸਿਵਲ ਹਸਪਤਾਲ ਵਿਖੇ ਕਰਵਾਇਆ ਜਾਵੇਗਾ। ਮ੍ਰਿਤਕ ਸੁਲੱਖਣ ਸਿੰਘ ਆਪਣੇ ਪਿੱਛੇ ਪਤਨੀ ,ਬੇਟਾ ਅਤੇ ਇਕ ਬੇਟੀ ਨੂੰ ਛੱਡ ਗਏ ਹਨ।
