ਨਵੀਂ ਦਿੱਲੀ (ਨੇਸ਼ਨਲ ਟਾਈਮਜ਼): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਆਪਣੇ ਤਿੰਨ ਦੇਸ਼ਾਂ ਦੇ ਮਹੱਤਵਪੂਰਨ ਦੌਰੇ ‘ਤੇ ਰਵਾਨਾ ਹੋ ਰਹੇ ਹਨ। ਇਹ ਦੌਰਾ 15 ਤੋਂ 18 ਜੂਨ ਤੱਕ ਚਲੇਗਾ ਅਤੇ ਇਸ ਵਿੱਚ ਉਹ ਸਾਇਪ੍ਰਸ, ਕੈਨੇਡਾ ਅਤੇ ਕਰੋਏਸ਼ੀਆ ਦਾ ਦੌਰਾ ਕਰਨਗੇ। ਦੌਰੇ ਦਾ ਮੁੱਖ ਉਦੇਸ਼ ਰਣਨੀਤਕ ਸਾਂਝੇਦਾਰੀ ਮਜ਼ਬੂਤ ਕਰਨੀ, ਆਤੰਕਵਾਦ ਵਿਰੁੱਧ ਸਾਂਝੀ ਅਵਾਜ਼ ਉਭਾਰਨੀ ਅਤੇ ਭਾਰਤ ਦੇ ਗਲੋਬਲ ਰੋਲ ਨੂੰ ਹੋਰ ਉਭਾਰਨਾ ਹੈ।
ਦੌਰੇ ਦੀ ਸ਼ੁਰੂਆਤ ਸਾਇਪ੍ਰਸ ਤੋਂ ਹੋਵੇਗੀ, ਜਿੱਥੇ ਮੋਦੀ 2 ਦਿਨ ਦੀ ਅਧਿਕਾਰਕ ਯਾਤਰਾ ਦੌਰਾਨ ਰਾਸ਼ਟਰਪਤੀ ਨਿਕੋਸ ਕਰਿਸਤੋਦੂਲਿਡਿਸ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਨੇ ਕਿਹਾ, “ਸਾਇਪ੍ਰਸ ਭਾਰਤ ਦਾ ਨੇੜਲਾ ਮਿੱਤਰ ਅਤੇ ਯੂਰਪੀ ਯੂਨੀਅਨ ‘ਚ ਇੱਕ ਮਹੱਤਵਪੂਰਨ ਭਾਗੀਦਾਰ ਹੈ। ਇਹ ਦੌਰਾ ਵਪਾਰ, ਨਿਵੇਸ਼, ਸੁਰੱਖਿਆ ਅਤੇ ਤਕਨਾਲੋਜੀ ਖੇਤਰਾਂ ਵਿੱਚ ਸਾਂਝੇਦਾਰੀ ਵਧਾਉਣ ਦਾ ਮੌਕਾ ਦਿੰਦਾ ਹੈ।”
ਫਿਰ ਪ੍ਰਧਾਨ ਮੰਤਰੀ 17 ਜੂਨ ਨੂੰ ਕੈਨੇਡਾ ਦੇ ਕਾਨਾਨਾਸਕਿਸ ਜਾਣਗੇ, ਜਿੱਥੇ ਉਹ G7 ਸਮੀਟ ਵਿੱਚ ਹਿਸਾ ਲੈਣਗੇ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਭਾਰਤ ਨੂੰ ਖਾਸ ਭਾਗੀਦਾਰ ਦੇ ਤੌਰ ‘ਤੇ ਨਿਯੋਤਾ ਦਿੱਤਾ ਗਿਆ ਹੈ। ਮੋਦੀ ਨੇ ਕਿਹਾ ਕਿ ਸਮੀਟ ‘ਚ ਆਬੋਹਵਾ ਬਦਲਾਅ, ਵਿਸ਼ਵ ਆਰਥਿਕ ਸਥਿਰਤਾ ਅਤੇ ਗਲੋਬਲ ਸਾਊਥ ਦੇ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਹੋਵੇਗਾ।
ਦੌਰੇ ਦੀ ਆਖਰੀ ਕੜੀ 18 ਜੂਨ ਨੂੰ ਕਰੋਏਸ਼ੀਆ ਹੋਵੇਗੀ, ਜਿੱਥੇ ਮੋਦੀ ਦੇਸ਼ ਦੇ ਰਾਸ਼ਟਰਪਤੀ ਜ਼ੋਰਾਨ ਮਿਲਾਨੋਵਿਕ ਅਤੇ ਪ੍ਰਧਾਨ ਮੰਤਰੀ ਅੰਦਰੇਜ ਪਲੇਨਕੋਵਿਕ ਨਾਲ ਗੱਲਬਾਤ ਕਰਨਗੇ। ਇਹ ਭਾਰਤ ਦੇ ਕਿਸੇ ਵੀ ਪ੍ਰਧਾਨ ਮੰਤਰੀ ਵੱਲੋਂ ਕਰੋਏਸ਼ੀਆ ਦਾ ਪਹਿਲਾ ਦੌਰਾ ਹੋਵੇਗਾ। ਦੋਹਾਂ ਦੇਸ਼ ਸਾਇੰਸ, ਟੈਕਨੋਲੋਜੀ, ਸਿੱਖਿਆ, ਪਰਟਨ ਅਤੇ ਸੱਭਿਆਚਾਰਕ ਤਬਾਦਲੇ ਵਿੱਚ ਸਾਂਝੇਦਾਰੀ ਵਧਾਉਣ ‘ਤੇ ਧਿਆਨ ਦੇਣਗੇ।
ਮੋਦੀ ਨੇ ਕਿਹਾ, “ਇਹ ਦੌਰਾ ਸਿਰਫ ਦੋਪੱਖੀ ਸਾਂਝੇਦਾਰੀ ਲਈ ਨਹੀਂ, ਸਗੋਂ ਵਿਸ਼ਵ ਪੱਧਰ ‘ਤੇ ਭਾਰਤ ਦੇ ਆਤੰਕਵਾਦ ਵਿਰੋਧੀ ਸੱਦੇ ਨੂੰ ਮਜ਼ਬੂਤੀ ਨਾਲ ਪੇਸ਼ ਕਰਨ ਦਾ ਵੀ ਮੌਕਾ ਹੈ।”
ਇਹ ਦੌਰਾ ਵਿਸ਼ਵ ਭਰ ਵਿੱਚ ਰਣਨੀਤਕ ਬਦਲਾਅ, ਆਰਥਿਕ ਮੁੜ-ਸੰਰਚਨਾ ਅਤੇ ਸੁਰੱਖਿਆ ਨੂੰ ਲੈ ਕੇ ਹੋ ਰਹੇ ਵਿਚਾਰਾਂ ਦੇ ਮੱਧ ਵਿਚ ਹੋ ਰਿਹਾ ਹੈ। G7 ਸਮੀਟ ‘ਚ ਮੋਦੀ ਦੀ ਮੌਜੂਦਗੀ ਭਾਰਤ ਦੀ ਉਭਰ ਰਹੀ ਵਿਸ਼ਵ ਭੂਮਿਕਾ ਨੂੰ ਹੋਰ ਮਜ਼ਬੂਤ ਕਰੇਗੀ।
