ਸੰਜੀਵ ਅਰੋੜਾ ’ਤੇ ਸਰਕਾਰ ਮਿਹਰਬਾਨ, 11 ਮੰਤਰੀਆਂ ਤੋਂ ਜ਼ਿਆਦਾ ਸੀਨੀਅਰ ਬਣਾਇਆ

ਨੈਸ਼ਨਲ ਟਾਈਮਜ਼ ਬਿਊਰੋ :- ਲੁਧਿਆਣਾ ਪੱਛਮੀ ਤੋਂ ਜਿੱਤ ਹਾਸਲ ਕਰਨ ਤੋਂ ਬਾਅਦ ਕੈਬਨਿਟ ਮੰਤਰੀ ਬਣੇ ਸੰਜੀਵ ਅਰੋੜਾ ’ਤੇ ਆਮ ਆਦਮੀ ਪਾਰਟੀ ਦੀ ਸਰਕਾਰ ਕੁਝ ਜਿਆਦਾ ਹੀ ਮਿਹਰਬਾਨ ਹੁੰਦੀ ਨਜ਼ਰ ਆ ਰਹੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੰਜੀਵ ਅਰੋੜਾ ਨੂੰ ਕੈਬਨਿਟ ਮੰਤਰੀ ਬਣਾਉਣ ਤੋਂ ਬਾਅਦ ਮੰਤਰੀਆਂ ਦੀ ਸੀਨੀਅਰਤਾ ’ਚ ਵੀ 11 ਕੈਬਨਿਟ ਮੰਤਰੀਆਂ ਤੋਂ ਅੱਗੇ ਰੱਖਦੇ ਹੋਏ 5ਵਾਂ ਨੰਬਰ ਦੇ ਦਿੱਤਾ ਹੈ।

ਸੰਜੀਵ ਅਰੋੜਾ ਨੂੰ ਸੀਨੀਅਰਤਾ ਸੂਚੀ ’ਚ 5ਵਾਂ ਨੰਬਰ ਮਿਲਣ ਦੇ ਚਲਦੇ ਹੁਣ ਤੋਂ ਬਾਅਦ ਉਹ ਕੈਬਨਿਟ ਮੰਤਰੀ ’ਚ ਮੁੱਖ ਮੰਤਰੀ ਦੇ ਖੱਬੇ ਪਾਸੇ ਦੂਜੀ ਸੀਟ ’ਤੇ ਬੈਠਣਗੇ ਤਾਂ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਉਹ ਬੈਂਚ ਨੰਬਰ 3 ’ਤੇ ਸੀਟ ਨੰਬਰ 5 ’ਤੇ ਬੈਠਣਗੇ। ਸੰਜੀਵ ਅਰੋੜਾ ਨੂੰ ਇਹ ਸੀਨੀਅਰਤਾ ਮਿਲਣ ਦੇ ਚਲਦੇ ਕਈ ਕੈਬਨਿਟ ਮੰਤਰੀ ਨਿਰਾਸ਼ ਵੀ ਹਨ ਕਿਉਂਕਿ ਉਹ ਇਸ ਸਰਕਾਰ ’ਚ ਸੰਜੀਵ ਅਰੋੜਾ ਤੋਂ ਪਹਿਲਾਂ ਵਿਧਾਇਕ ਤੇ ਕੈਬਨਿਟ ਮੰਤਰੀ ਬਣਨ ਦੇ ਬਾਵਜ਼ੂਦ ਉਨ੍ਹਾਂ ਨੂੰ ਸੰਜੀਵ ਅਰੋੜ ਤੋਂ ਬਾਅਦ ਹੀ ਬੈਠਣਾ ਪਏਗਾ। ਸੰਜੀਵ ਅਰੋੜ ਤੋਂ ਬਾਅਦ ਬੈਠਣ ਵਾਲੇ ਕੈਬਨਿਟ ਮੰਤਰੀਆਂ ਦੀ ਲਾਈਨ ਕਾਫ਼ੀ ਜਿਆਦਾ ਲੰਮੀ ਹੈ, ਜਦੋਂ ਕਿ ਸੰਜੀਵ ਅਰੋੜਾ ਤੋਂ ਪਹਿਲਾਂ ਸਿਰਫ਼ 3 ਹੀ ਕੈਬਨਿਟ ਮੰਤਰੀ ਤੇ ਮੁੱਖ ਮੰਤਰੀ ਬੈਠਣਗੇ।

ਆਮ ਤੌਰ ’ਤੇ ਸਭ ਤੋਂ ਸੀਨੀਅਰ ਵਿਧਾਇਕਾਂ ਨੂੰ ਹੀ ਤਰਜ਼ੀਹ ਦੇਣ ਦੇ ਨਾਲ ਹੀ ਉਨ੍ਹਾਂ ਨੂੰ ਦਿੱਤੇ ਗਏ ਵਿਭਾਗਾਂ ਦੇ ਕਾਰਜ਼ਭਾਰ ਅਨੁਸਾਰ ਮੰਤਰੀਆਂ ਦੀ ਸੀਨੀਅਰਤਾ ’ਚ ਸ਼ਾਮਲ ਕੀਤਾ ਜਾਂਦਾ ਹੈ ਪਰ ਫਿਰ ਵੀ ਇਸ ਸੀਨੀਅਰਤਾ ਲਿਸਟ ਨੂੰ ਤਿਆਰ ਕਰਨ ਦੇ ਸਾਰੇ ਅਧਿਕਾਰੀ ਮੁੱਖ ਮੰਤਰੀ ਕੋਲ ਹੀ ਰਹਿੰਦੇ ਹਨ ਕਿਉਂਕਿ ਇਸ ਸੀਨੀਅਰਤਾ ਲਿਸਟ ਨੂੰ ਤਿਆਰ ਕਰਨ ਦੇ ਕੋਈ ਵੀ ਨਿਯਮ ਨਹੀਂ ਹਨ ਤੇ ਮੁੱਖ ਮੰਤਰੀ ਵੱਲੋਂ ਹੀ ਆਖ਼ਰੀ ਫੈਸਲਾ ਲੈਂਦੇ ਹੋਏ ਸਬੰਧਿਤ ਵਿਭਾਗ ਨੂੰ ਲਿਸਟ ਜਾਰੀ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਜਾਂਦੇ ਹਨ।

ਬੁੱਧਵਾਰ ਨੂੰ ਜਾਰੀ ਹੋਣ ਵਾਲੀ ਨਵੀਂ ਸੀਨੀਅਰਤਾ ਲਿਸਟ ਨੂੰ ਮੁੱਖ ਮੰਤਰੀ ਦੇ ਆਦੇਸ਼ਾਂ ਤੋਂ ਬਾਅਦ ਜਦੋਂ ਫਾਈਨਲ ਕੀਤਾ ਗਿਆ ਤਾਂ ਵਿਭਾਗ ਦੇ ਕਈ ਅਧਿਕਾਰੀ ਵੀ ਹੈਰਾਨ ਸਨ ਕਿ ਸੰਜੀਵ ਅਰੋੜਾ ’ਤੇ ਖ਼ਾਸ ਮਿਹਰਬਾਨੀ ਕੀਤੀ ਗਈ ਹੈ, ਕਿਉਂਕਿ ਪਿਛਲੀ ਲਿਸਟ ’ਚ ਕੈਬਨਿਟ ਮੰਤਰੀ ਬਣੇ ਮੋਹਿੰਦਰ ਭਗਤ ਨੂੰ ਸੀਨੀਅਰਤਾ ’ਚ ਆਖ਼ਰੀ ਨੰਬਰ ਹੀ ਦਿੱਤਾ ਗਿਆ ਸੀ।

By Gurpreet Singh

Leave a Reply

Your email address will not be published. Required fields are marked *