ਅਮਰੀਕੀ ਸੰਸਦ ਮੈਂਬਰਾਂ ਵੱਲੋਂ ਕੈਨੇਡਾ ਨੂੰ ਜੰਗਲ ਦੀ ਅੱਗ ਦਾ ਧੂੰਆਂ ਰੋਕਣ ਦੀ ਅਪੀਲ

ਨੈਸ਼ਨਲ ਟਾਈਮਜ਼ ਬਿਊਰੋ :- ਛੇ ਅਮਰੀਕੀ ਰਿਪਬਲਿਕਨ ਸੰਸਦ ਮੈਂਬਰਾਂ ਨੇ ਕੈਨੇਡਾ ਦੇ ਰਾਜਦੂਤ ਨੂੰ ਇੱਕ ਚਿੱਠੀ ਲਿਖੀ ਹੈ, ਜਿਸ ਵਿੱਚ ਉਨ੍ਹਾਂ ਨੇ ਕੈਨੇਡਾ ਵਿੱਚ ਸਰਗਰਮ ਜੰਗਲੀ ਅੱਗਾਂ ਕਾਰਨ ਉਨ੍ਹਾਂ ਦੇ ਸੂਬਿਆਂ ਵਿੱਚ ਆ ਰਹੇ ਧੂੰਏਂ ‘ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਇਹ ਚਿੱਠੀ ਮੰਗਲਵਾਰ ਨੂੰ ਅਮਰੀਕਾ ਵਿੱਚ ਕੈਨੇਡਾ ਦੀ ਰਾਜਦੂਤ ਕਿਰਸਟਨ ਹਿਲਮੈਨ ਨੂੰ ਭੇਜੀ ਗਈ। ਵਿਸਕੌਨਸਿਨ ਅਤੇ ਮਿਨੇਸੋਟਾ ਤੋਂ ਸੰਸਦ ਮੈਂਬਰ ਟੌਮ ਟਿਫਨੀ, ਬ੍ਰੈਡ ਫਿਨਸਟੈਡ, ਟੌਮ ਐਮਰ, ਮਿਸ਼ੇਲ ਫਿਸ਼ਬੈਕ, ਗਲੈਨ ਗ੍ਰੋਥਮੈਨ ਅਤੇ ਪੀਟ ਸਟੌਬਰ ਨੇ ਕਿਹਾ ਕਿ ਉਨ੍ਹਾਂ ਦੇ ਲੋਕ ਸਾਹ ਘੋਟਣ ਵਾਲੇ ਧੂੰਏਂ ਨਾਲ ਜੂਝ ਰਹੇ ਹਨ ਜੋ ਕੈਨੇਡਾ ਦੀਆਂ ਅੱਗਾਂ ਤੋਂ ਆ ਰਿਹਾ ਹੈ।

ਚਿੱਠੀ ਵਿੱਚ ਲਿਖਿਆ ਗਿਆ, ਅਸੀਂ ਹੁਣ ਅੱਗ ਦੇ ਮੌਸਮ ਦੇ ਸਭ ਤੋਂ ਗੰਭੀਰ ਹਿੱਸੇ ਵਿੱਚ ਦਾਖਲ ਹੋ ਰਹੇ ਹਾਂ, ਸਾਨੂੰ ਦੱਸੋ ਕਿ ਤੁਹਾਡੀ ਸਰਕਾਰ ਨੇ ਅੱਗਾਂ ਅਤੇ ਉਨ੍ਹਾਂ ਦੇ ਕਾਰਨ ਦੱਖਣ ਵੱਲ ਆਉਣ ਵਾਲੇ ਧੂੰਏਂ ਨੂੰ ਰੋਕਣ ਲਈ ਕੀ ਯੋਜਨਾ ਬਣਾਈ ਹੋਈ ਹੈ

ਉਨ੍ਹਾਂ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਦੀਆਂ ਜੰਗਲੀ ਅੱਗਾਂ ਨੇ ਉਨ੍ਹਾਂ ਦੇ ਸੂਬਿਆਂ ਦੀ ਹਵਾ ਦੀ ਗੁਣਵੱਤਾ ਨੂੰ ਨੁਕਸਾਨ ਪਹੁੰਚਾਇਆ ਹੈ ਅਤੇ ਅਮਰੀਕੀ ਲੋਕਾਂ ਦੀ ਗਰਮੀ ਦੌਰਾਨ ਬਾਹਰ ਆਜ਼ਾਦੀ ਨਾਲ ਜੀਣ ਦੀ ਸਮਰਥਾ ਨੂੰ ਖੋਹ ਲਿਆ ਹੈ।

ਉਨ੍ਹਾਂ ਨੇ ਜੰਗਲੀ ਅੱਗਾਂ ਦੇ ਪਿੱਛੇ ਚੰਗੇ ਜੰਗਲ ਪ੍ਰਬੰਧਨ ਦੀ ਘਾਟ ਅਤੇ ਅੱਗਜ਼ਨੀ ਵਰਗੇ ਸੰਭਾਵੀ ਕਾਰਨਾਂ ਦਾ ਜ਼ਿਕਰ ਕੀਤਾ ਪਰ ਉਨ੍ਹਾਂ ਨੇ ਮੌਸਮੀ ਤਬਦੀਲੀ (ਕਲਾਈਮੇਟ ਚੇਂਜ) ਦਾ ਕੋਈ ਜ਼ਿਕਰ ਨਹੀਂ ਕੀਤਾ।

ਇਹਨਾਂ ਸੰਸਦ ਮੈਂਬਰਾਂ ਨੇ ਰਾਜਦੂਤ ਹਿਲਮੈਨ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੀ ਚਿੰਤਾ ਨੂੰ ਫ਼ੈਡਰਲ ਸਰਕਾਰ ਤੱਕ ਪਹੁੰਚਾਉਣ, ਖ਼ਾਸ ਕਰਕੇ ਨੈਚਰਲ ਰਿਸੋਰਸੇਜ਼ ਕੈਨੇਡਾ ਅਤੇ ਕੈਨੇਡੀਅਨ ਫਾਰੈਸਟ ਸਰਵਿਸ ਤੱਕ।

ਵਾਸ਼ਿੰਗਟਨ ਵਿੱਚ ਕੈਨੇਡਾ ਦੇ ਦੂਤਾਵਾਸ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੂੰ ਇਹ ਚਿੱਠੀ ਮਿਲ ਚੁੱਕੀ ਹੈ ਅਤੇ ਉਹ ਇਸਨੂੰ ਸਬੰਧਤ ਵਿਭਾਗਾਂ ਤੱਕ ਭੇਜਣਗੇ। ਦੂਤਾਵਾਸ ਦੀ ਬੁਲਾਰਨ ਟੈਰਨ ਐਲੀਅਟ ਨੇ ਈਮੇਲ ਰਾਹੀਂ ਕਿਹਾ ਕਿਕੈਨੇਡਾ ਜੰਗਲੀ ਅੱਗਾਂ ਦੀ ਰੋਕਥਾਮ ਅਤੇ ਕਾਬੂ ਪਾਉਣ ਲਈ ਬਹੁਤ ਗੰਭੀਰ ਹੈ

ਨੈਚਰਲ ਰਿਸੋਰਸੇਜ਼ ਕੈਨੇਡਾ ਨੇ ਕਿਹਾ ਕਿ ਜੰਗਲੀ ਅੱਗ ਇੱਕ ਵਿਸ਼ਵਵਿਆਪੀ ਸਮੱਸਿਆ ਹੈ, ਜੋ ਸੋਕੇ ਅਤੇ ਮੌਸਮੀ ਤਬਦੀਲੀ ਦੇ ਪ੍ਰਭਾਵਾਂ ਕਾਰਨ ਵਧ ਰਹੀ ਹੈ।

ਵਿਭਾਗ ਦੀ ਬੁਲਾਰਨ ਮੈਰੀ ਮਾਰਟਿਨ ਨੇ ਕਿਹਾ ਕਿ ਇਸੀ ਕਾਰਨ ਕੈਨੇਡਾ ਨੇ ਆਪਣੇ ਜੀ-7 ਦੀ ਮੇਜ਼ਬਾਨੀ ਦੌਰਾਨ ਕੈਨਾਨੈਸਕਿਸ ਵਾਇਲਡਫਾਇਰ ਚਾਰਟਰ ਤਿਆਰ ਕੀਤਾ ਹੈ। ਇਹ ਪਹਿਲਾ ਅੰਤਰਰਾਸ਼ਟਰੀ ਲੀਡਰਾਂ ਦੇ ਪੱਧਰ ਦਾ ਉਪਰਾਲਾ ਹੈ ਜੋ ਜੰਗਲੀ ਅੱਗਾਂ ਦੀ ਰੋਕਥਾਮ ਅਤੇ ਨਜਿੱਠਣ ਨੂੰ ਸਮਰਪਿਤ ਹੈ।

ਐਮਰਜੈਂਸੀ ਮੈਨੇਜਮੈਂਟ ਮੰਤਰੀ ਏਲੀਨਰ ਓਲਜ਼ੂਸਕੀ ਦੇ ਦਫ਼ਤਰ ਨੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ।

ਚਿੱਠੀ ਵਿੱਚ ਰਿਪਬਲਿਕਨ ਸੰਸਦ ਮੈਂਬਰਾਂ ਨੇ ਲਿਖਿਆ ਕਿ ਸਾਡੇ ਕੋਲ ਉਪਲਬਧ ਸਾਰੀ ਤਕਨਾਲੋਜੀ ਦੀ ਵਰਤੋਂ ਕਰਕੇ, ਜੇਕਰ ਢੁੱਕਵੇਂ ਕਦਮ ਚੁੱਕੇ ਜਾਣ, ਤਾਂ ਇਹ ਚਿੰਤਾਜਨਕ ਰੁਝਾਨ ਰੋਕਿਆ ਜਾ ਸਕਦਾ ਹੈ

ਉਨ੍ਹਾਂ ਨੇ 2023 ਦੀ ਕੈਨੇਡਾ ਵਿੱਚ ਹੋਈ ਜੰਗਲੀ ਅੱਗ ਦੀ ਮੌਸਮ ਨੂੰ ਯਾਦ ਕੀਤਾ ਜੋ ਅਜੇ ਤੱਕ ਦੀ ਸਭ ਤੋਂ ਖ਼ਤਰਨਾਕ ਸੀ। ਉਸ ਸਾਲ ਕੈਨੇਡਾ ਭਰ ਵਿੱਚ ਭੜਕੀਆਂ ਅੱਗਾਂ ਨੇ ਨਾ ਸਿਰਫ ਅਮਰੀਕਾ ਤੱਕ ਧੂੰਆ ਭੇਜਿਆ ਸੀ, ਸਗੋਂ ਇਹ ਧੂੰਆ ਯੂਰਪ ਤੱਕ ਵੀ ਪਹੁੰਚ ਗਿਆ ਸੀ।

ਕੈਨੇਡੀਅਨ ਅਧਿਕਾਰੀਆਂ ਨੇ ਪਿਛਲੇ ਮਹੀਨੇ ਚੇਤਾਵਨੀ ਦਿੱਤੀ ਸੀ ਕਿ ਇਹ ਸਾਲ ਪਿਛਲੇ ਸਾਲ ਤੋਂ ਬਾਅਦ ਸਭ ਤੋਂ ਵੱਡਾ ਜੰਗਲੀ ਅੱਗ ਦਾ ਮੌਸਮ ਬਣ ਸਕਦਾ ਹੈ। ਹਾਲਾਂਕਿ ਕਈ ਸੂਬਿਆਂ ਵਿੱਚ ਅੱਗ ਨੇ ਵੱਡਾ ਨੁਕਸਾਨ ਕੀਤਾ ਅਤੇ ਲੋਕਾਂ ਨੂੰ ਉਥੋਂ ਕੱਢਿਆ ਗਿਆ, ਪਰ ਹਾਲ ਹੀ ਵਿੱਚ ਖ਼ਤਰਾ ਕੁਝ ਘੱਟ ਹੋਇਆ ਦਿੱਖ ਰਿਹਾ ਹੈ।

ਉੱਤਰੀ ਮਿਨੇਸੋਟਾ ਦੇ ਸ਼ਹਿਰ ਬਿਗ ਫਾਲਜ਼ ਦੀ ਇੱਕ ਅਧਿਕਾਰੀ ਵਰੋਨਿਕਾ ਬਿਸਟੋਡੋ ਨੇ ਕਿਹਾ ਕਿ ਇਸ ਸਾਲ ਉਨ੍ਹਾਂ ਦੇ ਇਲਾਕੇ ਵਿੱਚ ਹਵਾ ਦੀ ਗੁਣਵੱਤਾ ਪਿਛਲੇ ਸਾਲਾਂ ਨਾਲੋਂ ਕੁਝ ਵਧੀਆ ਰਹੀ ਹੈ। ਬਿਗਫਾਰਕ ਦਰਿਆ ਕੋਲ ਸਥਿਤ ਬਿਗ ਫਾਲਜ਼ ਕੈਂਪਗਰਾਊਂਡ ‘ਚ ਪਿਛਲੇ ਸਾਲਾਂ ਧੂੰਏਂ ਕਾਰਨ ਮੁਸ਼ਕਲ ਆਈ ਸੀ, ਪਰ ਇਸ ਸਾਲ ਹਾਲਾਤ ਠੀਕ ਹਨ। 

ਉਨ੍ਹਾਂ ਕਿਹਾ ਕਿ ਉਹਨਾਂ ਨੇ ਲੋਕਾਂ ਨੂੰ ਧੂੰਏਂ ਕਾਰਨ ਮਾਸਕ ਪਹਿਨੇ ਵੇਖਿਆ ਹੈ, ਪਰ ਕਿਸੇ ਨੇ ਆਪਣੀ ਕੈਂਪਿੰਗ ਰਿਜ਼ਰਵੇਸ਼ਨ ਰੱਦ ਕੀਤੀ ਹੋਵੇ, ਇਹ ਉਨ੍ਹਾਂ ਨੂੰ ਪਤਾ ਨਹੀਂ।

ਫ਼ੈਡਰਲ ਸਰਕਾਰ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਕੈਨੇਡਾ ਦਾ ਕਲਾਈਮੇਟ ਔਸਤ ਨਾਲੋਂ ਤੇਜ਼ੀ ਨਾਲ ਗਰਮ ਹੋ ਰਿਹਾ ਹੈ, ਜਿਸ ਕਾਰਨ ਅਗਲੇ ਸਮਿਆਂ ਵਿੱਚ ਅੱਤ ਮੌਸਮੀ ਹਾਲਾਤ ਅਤੇ ਖ਼ੁਸ਼ਕ ਮੌਸਮ ਹੋਰ ਵੱਧਣਗੇ, ਜੋ ਕਿ ਵਧੇਰੇ ਜੰਗਲੀ ਅੱਗਾਂ ਨੂੰ ਜਨਮ ਦੇਣਗੇ।

ਇਹ ਚਿੱਠੀ ਅਜਿਹੇ ਸਮੇਂ ਆਈ ਹੈ ਜਦੋਂ ਕੈਨੇਡਾ-ਅਮਰੀਕਾ ਰਿਸ਼ਤੇ ਤਣਾਅ ਭਰੇ ਹਨ। ਕੈਨੇਡਾ ਅਤੇ ਅਮਰੀਕਾ 21 ਜੁਲਾਈ ਤੱਕ ਇੱਕ ਨਵਾਂ ਆਰਥਿਕ ਅਤੇ ਸੁਰੱਖਿਆ ਸਮਝੌਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

By Gurpreet Singh

Leave a Reply

Your email address will not be published. Required fields are marked *