ਨੈਸ਼ਨਲ ਟਾਈਮਜ਼ ਬਿਊਰੋ :- ਬਟਾਲਾ ਰੇਲਵੇ ਸਟੇਸ਼ਨ ’ਤੇ ਇਕ ਵਿਅਕਤੀ ਵਲੋਂ ਰਾਵੀ ਐਕਸਪ੍ਰੈੱਸ ਗੱਡੀ ਹੇਠਾਂ ਆ ਕੇ ਖੁਦਕੁਸ਼ੀ ਕੀਤੇ ਜਾਣ ਦਾ ਅੱਤ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਪੁਲਸ ਚੌਕੀ ਬਟਾਲਾ ਦੇ ਇੰਚਾਰਜ ਐੱਸ.ਆਈ ਗੁਰਨਾਮ ਸਿੰਘ, ਏ.ਐੱਸ.ਆਈ ਸਫੀ ਮਸੀਹ ਤੇ ਏ.ਐੱਸ.ਆਈ ਹਰਦੀਪ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਅੰਮ੍ਰਿਤਸਰ-ਪਠਾਨਕੋਟ ਨੂੰ ਜਾਣ ਵਾਲੀ ਰੇਲ ਗੱਡੀ ਰਾਵੀ ਐਕਸਪ੍ਰੈੱਸ ਅੱਜ ਬਟਾਲਾ ਰੇਲਵੇ ਸਟੇਸ਼ਨ ’ਤੋਂ ਚੱਲਣ ਲੱਗੀ ਤਾਂ ਇਸ ਦੌਰਾਨ ਇਕ ਬਜ਼ੁਰਗ ਵਿਅਕਤੀ ਵਲੋਂ ਰੇਲ ਗੱਡੀ ਹੇਠਾਂ ਆਪਣੀ ਧੌਣ ਦੇ ਕੇ ਖੁਦਕੁਸ਼ੀ ਕਰ ਲਈ ਗਈ।
ਉਕਤ ਰੇਲਵੇ ਪੁਲਸ ਦੇ ਅਧਿਕਾਰੀ ਨੇ ਅੱਗੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਅਮਰੀਕ ਸਿੰਘ (70) ਪੁੱਤਰ ਸੋਹਣ ਸਿੰਘ ਵਾਸੀ ਮੁਹੱਲਾ ਪ੍ਰਤਾਪ ਨਗਰ, ਕਾਦੀਆਂ ਵਜੋਂ ਹੋਈ ਹੈ ਅਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈਣ ਉਪਰੰਤ 194 ਬੀ.ਐੱਨ.ਐੱਸ.ਐੱਸ ਤਹਿਤ ਬਣਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਗਿਆ ਹੈ।
