ਨੈਸ਼ਨਲ ਟਾਈਮਜ਼ ਬਿਊਰੋ :- ਬ੍ਰੈਂਪਟਨ ਵਸਨੀਕ ਪੰਜਾਬੀ ਮੂਲ ਦੇ ਬਿਕਰਮ ਢਿੱਲੋਂ ਵੱਲੋਂ ਟੋਰੌਂਟੋ ਮੈਟਰੋਪੋਲੀਟਨ ਯੂਨੀਵਰਸਿਟੀ (ਟੀਐਮਯੂ) ਨੂੰ ਨਵੀਂ ਮੈਡੀਕਲ ਲਾਇਬ੍ਰੇਰੀ ਅਤੇ ਦੋ ਨਵੇਂ ਵਿਦਿਆਰਥੀ ਪੁਰਸਕਾਰਾਂ ਲਈ ਵੱਡੀ ਵਿੱਤੀ ਮਦਦ ਦਿੱਤੀ ਗਈ ਹੈ I
ਰੇਡੀਓ ਕੈਨੇਡਾ ਇੰਟਰਨੈਸ਼ਨਲ ਵੱਲੋਂ ਯੂਨੀਵਰਸਿਟੀ ਅਧਿਕਾਰੀਆਂ ਨੂੰ ਸੰਪਰਕ ਕਰਨ ‘ਤੇ ਜਾਣਕਾਰੀ ਮਿਲੀ ਕਿ ਪਰਿਵਾਰ ਵੱਲੋਂ ਦਾਨ ਕੀਤੀ ਗਈ ਰਾਸ਼ੀ ਦੀ ਰਕਮ ਗੁਪਤ ਰੱਖਣ ਦੀ ਬੇਨਤੀ ਕੀਤੀ ਗਈ ਹੈ , ਪਰ ਇਹ ਇਕ ਵੱਡੀ ਰਕਮ ਹੈ I
ਟੋਰੌਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਵੱਲੋਂ ਬ੍ਰੈਂਪਟਨ ਵਿੱਚ ਸਕੂਲ ਆਫ਼ ਮੈਡੀਸਨ ਦੀ ਸਥਾਪਨਾ ਕੀਤੀ ਗਈ ਹੈI ਢਿਲੋਂ ਵੱਲੋਂ ਬ੍ਰੈਂਪਟਨ ਦੇ ਇਸ ਮੈਡੀਕਲ ਸਕੂਲ ਲਈ ਵਿੱਤੀ ਮਦਦ ਦਿੱਤੀ ਗਈ ਹੈI ਯੂਨੀਵਰਸਿਟੀ ਵੱਲੋਂ ਮੈਡੀਕਲ ਸਕੂਲ ਦੀ ਲਾਇਬ੍ਰੇਰੀ ਦਾ ਨਾਮ ਢਿੱਲੋਂ ਪਰਿਵਾਰ ਦੇ ਨਾਮ ‘ਤੇ ਰੱਖਿਆ ਜਾਵੇਗਾ I
ਆਪਣੇ ਪੋਸਟ ਗ੍ਰੈਜੂਏਟ ਮੈਡੀਕਲ ਐਜੂਕੇਸ਼ਨ ਪ੍ਰੋਗਰਾਮਾਂ ਦੀ ਸ਼ੁਰੂਆਤ ਦੇ ਨਾਲ ਭਵਿੱਖ ਦੇ ਡਾਕਟਰਾਂ ਦੇ ਆਪਣੇ ਪਹਿਲੇ ਸਮੂਹ ਦਾ ਸਵਾਗਤ ਕੀਤਾ। 100 ਤੋਂ ਵੱਧ ਰੈਜ਼ੀਡੈਂਟਸ ਨੇ 16 ਨਵੇਂ ਮਾਨਤਾ ਪ੍ਰਾਪਤ ਰੈਜ਼ੀਡੈਂਸੀ ਪ੍ਰੋਗਰਾਮਾਂ ਵਿੱਚ ਆਪਣੀ ਸਿਖਲਾਈ ਸ਼ੁਰੂ ਕੀਤੀ ਹੈ।
ਲੰਘੇ ਹਫ਼ਤੇ ਹੋਏ ਸਮਾਗਮ ਵਿੱਚ ਯੂਨੀਵਰਿਸਟੀ ਅਧਿਕਾਰੀਆਂ , ਢਿੱਲੋਂ ਪਰਿਵਾਰ ਤੋਂ ਇਲਾਵਾ ਪ੍ਰੀਮੀਅਰ ਡਗ ਫ਼ੋਰਡ,ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਅਤੇ ਲੋਕਲ ਸਿਆਸਤਦਾਨ ਹਾਜ਼ਰ ਰਹੇ I
ਯੂਨੀਵਰਸਿਟੀ ਵੱਲੋਂ ਉਕਤ ਰਾਸ਼ੀ ਲਈ ਢਿੱਲੋਂ ਪਰਿਵਾਰ ਦਾ ਧੰਨਵਾਦ ਕੀਤਾ ਗਿਆ I ਸਮਾਗਮ ਦੌਰਾਨ ਬੋਲਦਿਆਂ ਟੀਐਮਯੂ ਦੇ ਪ੍ਰਧਾਨ ਅਤੇ ਵਾਈਸ-ਚਾਂਸਲਰ ਮੁਹੰਮਦ ਲਚੇਮੀ ਨੇ ਕਿਹਾ ਅਸੀਂ ਢਿੱਲੋਂ ਪਰਿਵਾਰ ਵੱਲੋਂ ਕੀਤੇ ਨਿਵੇਸ਼ ਲਈ ਬਹੁਤ ਧੰਨਵਾਦੀ ਹਾਂ I ਢਿੱਲੋਂ ਪਰਿਵਾਰ ਦਾ ਤੋਹਫ਼ਾ ਵਿਦਿਆਰਥੀਆਂ ਲਈ ਡਾਕਟਰੀ ਸਿੱਖਿਆ ਤੱਕ ਪਹੁੰਚ ਵਧਾਏਗਾ ਅਤੇ ਸਰੋਤਾਂ ਨਾਲ ਭਰਪੂਰ ਇੱਕ ਪ੍ਰੇਰਨਾਦਾਇਕ ਅਤੇ ਸਹਾਇਕ ਵਾਤਾਵਰਣ ਬਣਾਉਣ ਵਿੱਚ ਮਦਦ ਕਰੇਗਾ I
ਅਸੀਂ ਚਾਹੁੰਦੇ ਹਾਂ ਕਿ ਲੋੜਵੰਦ ਵਿਦਿਆਰਥੀਆਂ ਕੋਲ ਮੌਕਾ ਹੋਵੇ I ਟੀਐਮਯੂ ਸਕੂਲ ਆਫ਼ ਮੈਡੀਸਨ ਹੋਰ ਡਾਕਟਰਾਂ ਦੀ ਤੁਰੰਤ ਲੋੜ ਨੂੰ ਪੂਰਾ ਕਰਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗਾ (ਬਿਕਰਮ ਢਿੱਲੋਂ)
ਇਸ ਮੌਕੇ ਬੋਲਦਿਆਂ ਓਨਟੇਰੀਓ ਪ੍ਰੀਮੀਅਰ ਡਗ ਫ਼ੋਰਡ ਨੇ ਕਿਹਾ ਟੀਐਮਯੂ ਦਾ ਨਵਾਂ ਮੈਡੀਕਲ ਸਕੂਲ ਬ੍ਰੈਂਪਟਨ ਅਤੇ ਓਨਟੇਰੀਓ ਲਈ ਇੱਕ ਵੱਡੀ ਜਿੱਤ ਹੈ I ਢਿੱਲੋਂ ਪਰਿਵਾਰ ਦੇ ਇਸ ਉਪਰਾਲੇ ਨਾਲ ਹੋਰ ਵੀ ਵਿਦਿਆਰਥੀ ਡਾਕਟਰ ਬਣਨ ਦੇ ਆਪਣੇ ਸੁਪਨੇ ਨੂੰ ਪ੍ਰਾਪਤ ਕਰਨਗੇ ਅਤੇ ਜਨਤਾ ਸਹੂਲਤਾਂ ਦਾ ਲਾਭ ਲੈ ਸਕੇਗੀ I
ਵਿਦਿਆਰਥੀਆਂ ਲਈ ਪਰਿਵਾਰ ਵੱਲੋਂ ਦੋ ਤਰ੍ਹਾਂ ਦੇ ਪੁਰਸਕਾਰ
ਮੈਡੀਕਲ ਸਿੱਖਿਆ ਨੂੰ ਵਧੇਰੇ ਪਹੁੰਚਯੋਗ ਬਣਾਉਣ ਵਿੱਚ ਮਦਦ ਕਰਨ ਲਈ, ਪਰਿਵਾਰ ਨੇ ਦੋ ਵਿਦਿਆਰਥੀ-ਕੇਂਦ੍ਰਿਤ ਪੁਰਸਕਾਰ ਵੀ ਸਥਾਪਿਤ ਕੀਤੇ ਹਨ I ਇਹਨਾਂ ਪੁਰਸਕਾਰਾਂ ਦੀ ਇਨਾਮੀ ਰਾਸ਼ੀ ਪਰਿਵਾਰ ਵੱਲੋਂ ਦਿੱਤੀ ਜਾਣੀ ਹੈ I
ਬਿਕਰਮ ਐਸ. ਢਿੱਲੋਂ ਅਤੇ ਪਰਿਵਾਰਕ ਸਕਾਲਰਸ਼ਿਪ, ਤਹਿਤ ਅਜਿਹੇ ਪੰਜ ਵਿਦਿਆਰਥੀਆਂ ਨੂੰ $50,000 ਤੱਕ ਦੀ ਰਾਹੀਂ ਮਿਲੇਗੀ ਜੋ ਆਪਣੇ ਭਾਈਚਾਰਿਆਂ ਵਿੱਚ ਸਿਹਤ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਇੱਕ ਮਜ਼ਬੂਤ ਵਚਨਬੱਧਤਾ ਦਾ ਪ੍ਰਦਰਸ਼ਨ ਕਰਨਗੇ।
ਇਸਤੋਂ ਇਲਾਵਾ ਬਿਕਰਮ ਸਿੰਘ ਢਿੱਲੋਂ ਅਤੇ ਪਰਿਵਾਰਕ ਪੁਰਸਕਾਰ, ਪੜ੍ਹਾਈ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ $5,000 ਸਾਲਾਨਾ ਪ੍ਰਦਾਨ ਕਰੇਗਾ I
ਕੌਣ ਹਨ ਬਿਕਰਮ ਢਿੱਲੋਂ
ਕਰੀਬ 40 ਸਾਲ ਪਹਿਲਾਂ ਕੈਨੇਡਾ ਆਏ ਬਿਕਰਮ ਢਿੱਲੋਂ ਨੇ ਸ਼ੁਰੂਆਤ ਵਿੱਚ ਕਈ ਨੌਕਰੀਆਂ ਕਰਨ ਮਗਰੋਂ 1990 ਦੌਰਾਨ ਰੀਅਲ ਅਸਟੇਟ ਏਜੰਟ ਵਜੋਂ ਕੰਮ ਕਰਨਾ ਸ਼ੁਰੂ ਕੀਤਾ I ਢਿੱਲੋਂ ਵੱਲੋਂ ਸਥਾਪਿਤ ਕੀਤਾ ਬੀਵੀਡੀ ਗਰੁੱਪ ਅੱਜ ਪੈਟਰੋਲੀਅਮ , ਰੀਅਲ ਅਸਟੇਟ, ਬੀਮਾ ਅਤੇ ਵਿੱਤੀ ਸੇਵਾਵਾਂ ਦੇ ਖੇਤਰ ਵਿੱਚ ਕਰਦਾ ਹੈ I
ਬੀਵੀਡੀ ਗਰੁੱਪ ,ਕੈਨੇਡਾ ਵਿੱਚ ਡੀਜ਼ਲ ਦਾ ਸਭ ਤੋਂ ਵੱਡਾ ਨਿੱਜੀ ਤੌਰ ‘ਤੇ ਆਯੋਜਿਤ ਵਿਤਰਕ ਹੈ ਅਤੇ ਯੂਐਸ ਵਿੱਚ ਡੀਜ਼ਲ ਦਾ ਸਭ ਤੋਂ ਵੱਡਾ ਪ੍ਰਾਈਵੇਟ ਕੈਨੇਡੀਅਨ ਆਯੋਜਿਤ ਵਿਤਰਕ ਵੀ ਹੈ।
ਲਗਾਤਾਰ ਦਾਨ ਦਾ ਕੰਮ ਕਰ ਰਿਹਾ ਹੈ ਢਿੱਲੋਂ ਪਰਿਵਾਰ
ਢਿੱਲੋਂ ਪਰਿਵਾਰ ਵੱਲੋਂ ਲਗਾਤਾਰ ਵੱਖ ਵੱਖ ਅਦਾਰਿਆਂ ਨੂੰ ਵਿੱਤੀ ਮਦਦ ਕੀਤੀ ਜਾਂਦੀ ਹੈ I
2022 ਵਿੱਚ ਬਿਕਰਮ ਢਿੱਲੋਂ ਦੇ ਬੀਵੀਡੀ ਗਰੁੱਪ ਵੱਲੋਂ ਬ੍ਰੈਂਪਟਨ ਹਸਤਪਾਲ ਦਾ ਸੰਚਾਲਨ ਕਰਨ ਵਾਲੀ ਸੰਸਥਾ ਵਿਲੀਅਮ ਓਸਲਰ ਹੈਲਥ ਸਿਸਟਮ ਨੂੰ 10 ਮਿਲੀਅਨ ਡਾਲਰ ਡੋਨੇਸ਼ਨ (ਨਵੀਂ ਵਿੰਡੋ)ਵੱਜੋਂ ਦਿੱਤੇ ਗਏ ਸਨ। ਇਸ ਮਹੱਤਵਪੂਰਨ ਡੋਨੇਸ਼ਨ ਨੂੰ ਵਿਸ਼ੇਸ਼ ਮਾਨਤਾ ਦੇਣ ਦੇ ਉਦੇਸ਼ ਨਾਲ ਵਿਲੀਅਮ ਓਸਲਰ ਹੈਲਥ ਸਿਸਟਮ ਨੇ ਢਿੱਲੋਂ ਪਰਿਵਾਰ ਦੇ ਨਾਂ ‘ਤੇ ਕਿਸੇ ਟਾਵਰ ਦਾ ਨਾਂ ਰੱਖੇ ਜਾਣ ਦਾ ਆਪਣੀ ਕਿਸਮ ਦਾ ਪਹਿਲਾ ਉਪਰਾਲਾ ਕੀਤਾ ਗਿਆ ਸੀ I
ਬਿਕਰਮ ਢਿੱਲੋਂ ,ਰੌਇਲ ਓਨਟੇਰੀਓ ਮਿਊਜ਼ੀਅਮ ਵਿਖੇ ਗਲੋਬਲ ਸਿੱਖ ਕਲਾ ਅਤੇ ਸੱਭਿਆਚਾਰ ਲਈ ਇੱਕ ਸਮਰਪਿਤ ਜਗ੍ਹਾ ਸਥਾਪਤ ਕਰਨ ਵਿੱਚ ਵੀ ਮਦਦ ਕਰ ਰਹੇ ਹਨ। ਇਹ ਗੈਲਰੀ 2028 ਦੇ ਅਖੀਰ ਵਿੱਚ ਖੁੱਲ੍ਹਣ ਦੀ ਸੰਭਾਵਨਾ ਹੈ।
ਬਿਕਰਮ ਦੇ ਪੁੱਤਰ, ਚਨਵੀਰ ਢਿੱਲੋਂ, ਜੋ ਕਿ ਕੰਪਨੀ ਦੇ ਸੀਈਓ ਹਨ ਨੇ ਕਿਹਾ , ਮੇਰੇ ਪਿਤਾ ਨੇ ਹਮੇਸ਼ਾ ਇਸ ਦੇਸ਼ ਅਤੇ ਇਸ ਭਾਈਚਾਰੇ ਦੁਆਰਾ ਸਾਡੇ ਪਰਿਵਾਰ ਨੂੰ ਪ੍ਰਦਾਨ ਕੀਤੇ ਗਏ ਮੌਕਿਆਂ ਦੀ ਡੂੰਘਾਈ ਨਾਲ ਕਦਰ ਕੀਤੀ ਹੈ I ਪਰਿਵਾਰ ਦੀਆਂ ਇਹ ਕੋਸ਼ਿਸ਼ਾਂ ਭਾਈਚਾਰੇ ਨੂੰ ਕੁਝ ਵਾਪਿਸ ਕਰਨ ਦੀ ਵਚਨਬੱਧਤਾ ਹੈ I ਬਿਕਰਮ ਢਿੱਲੋਂ ਵੱਲੋਂ ਭਾਈਚਾਰੇ ਅਤੇ ਸਮਾਜ ਵਿੱਚ ਪਾਏ ਯੋਗਦਾਨ ਲਈ ਕਈ ਤਰ੍ਹਾਂ ਦੇ ਮਾਣ ਸਨਮਾਨ ਮਿਲ ਚੁੱਕੇ ਹਨ , ਜਿਨ੍ਹਾਂ ਵਿੱਚ ਕਿੰਗ ਚਾਰਲਸ III ਕੋਰੋਨੇਸ਼ਨ ਮੈਡਲ ਪ੍ਰਾਪਤ ਕਰਨਾ ਸ਼ਾਮਲ ਹੈ।
