ਨੈਸ਼ਨਲ ਟਾਈਮਜ਼ ਬਿਊਰੋ :- ਹਰਿਆਣਾ ਪੁਲਿਸ ਦੀ ਮੋਹਾਲੀ ਖੇਤਰ ਵਿੱਚ ਐਂਟਰੀ ਨੂੰ ਲੈ ਕੇ ਅੱਜ ਤਣਾਅਪੂਰਨ ਸਥਿਤੀ ਬਣ ਗਈ। ਸੁਖਬੀਰ ਸਿੰਘ ਬਾਦਲ ਦੇ ਟਵੀਟ ਤੋਂ ਬਾਅਦ ਇਹ ਮਾਮਲਾ ਸਿਆਸੀ ਤੌਰ ‘ਤੇ ਵੀ ਗਰਮ ਹੋ ਗਿਆ ਹੈ। ਇਸ ਘਟਨਾ ਤੋਂ ਬਾਅਦ ਡੀ.ਆਈ.ਜੀ. ਨਾਨਕ ਸਿੰਘ ਖੁਦ ਮੌਕੇ ‘ਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ।
ਡੀ.ਆਈ.ਜੀ. ਨਾਨਕ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਕਾਬਿਲ ਹੈ ਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ। ਉਨ੍ਹਾਂ ਸਾਫ਼ ਕੀਤਾ ਕਿ ਨਾ ਤਾਂ ਪੰਜਾਬ ਪੁਲਿਸ ਵੱਲੋਂ ਕਿਸੇ ਕਿਸਮ ਦੀ ਨਾਕਾਬੰਦੀ ਕੀਤੀ ਗਈ ਸੀ ਅਤੇ ਨਾ ਹੀ ਕਿਸੇ ਆਵਾਜਾਈ ਕਰਨ ਵਾਲੇ ਵਿਅਕਤੀ ਨੂੰ ਰੋਕਿਆ ਗਿਆ ਸੀ।
ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਚੰਡੀਗੜ੍ਹ ਜਾਂ ਹਰਿਆਣਾ ਪੁਲਿਸ ਬਿਨਾਂ ਆਧਿਕਾਰਕ ਸੂਚਨਾ ਮੋਹਾਲੀ ਖੇਤਰ ਵਿੱਚ ਦਾਖਲ ਹੋਈ ਹੈ, ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਹ ਮਾਮਲਾ ਹੁਣ ਰਾਜਨੀਤਿਕ ਪੱਖ ਤੋਂ ਵੀ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿਉਂਕਿ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਵੱਲੋਂ ਕਾਨੂੰਨ-ਵਿਵਸਥਾ ‘ਤੇ ਸਵਾਲ ਚੁੱਕੇ ਜਾ ਰਹੇ ਹਨ।
