ਬਦਰੀਨਾਥ ਤੋਂ ਪਰਤ ਰਿਹਾ ਹੈਲੀਕਾਪਟਰ ਜੋਸ਼ੀਮਠ ਨੇੜੇ ਲਾਪਤਾ, 6 ਲੋਕ ਸਨ ਸਵਾਰ; ਹਾਦਸੇ ਦਾ ਖ਼ਦਸ਼ਾ

ਬਦਰੀਨਾਥ (ਗੁਰਪ੍ਰੀਤ ਸਿੰਘ) : ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਜੋਸ਼ੀਮਠ ਨੇੜੇ ਬਦਰੀਨਾਥ ਤੋਂ ਪਰਤ ਰਿਹਾ ਇੱਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ‘ਟ੍ਰਾਂਸ ਭਾਰਤ ਏਵੀਏਸ਼ਨ’ ਕੰਪਨੀ ਦਾ ਇਹ ਹੈਲੀਕਾਪਟਰ ਬਦਰੀਨਾਥ ਤੋਂ ਫਾਟਾ ਵੱਲ ਜਾ ਰਿਹਾ ਸੀ, ਜਦੋਂ ਖ਼ਰਾਬ ਮੌਸਮ ਕਾਰਨ ਇਸ ਨਾਲ ਸੰਪਰਕ ਟੁੱਟ ਗਿਆ। ਹੈਲੀਕਾਪਟਰ ਵਿੱਚ ਪਾਇਲਟ ਸਮੇਤ ਛੇ ਲੋਕ ਸਵਾਰ ਸਨ।

ਸੰਪਰਕ ਟੁੱਟਣ ਤੋਂ ਬਾਅਦ ਤੁਰੰਤ ਹੈਲੀਕਾਪਟਰ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਮੁੱਢਲੀ ਜਾਣਕਾਰੀ ਮੁਤਾਬਕ, ਹੈਲੀਕਾਪਟਰ ਜੋਸ਼ੀਮਠ ਇਲਾਕੇ ਵਿੱਚ ‘ਹਾਥੀ ਪਹਾੜ’ ਦੇ ਪਿੱਛੇ ਚਾਈਂ (Chayi) ਪਿੰਡ ਨੇੜੇ ਹਾਦਸਾਗ੍ਰਸਤ ਹੋਇਆ ਹੋ ਸਕਦਾ ਹੈ।

ਭਾਲ ਲਈ ਦੋ ਹੋਰ ਹੈਲੀਕਾਪਟਰ ਭੇਜੇ

ਲਾਪਤਾ ਹੈਲੀਕਾਪਟਰ ਅਤੇ ਉਸ ਦੇ ਮਲਬੇ ਦੀ ਭਾਲ ਲਈ ਦੋ ਹੋਰ ਹੈਲੀਕਾਪਟਰ ਭੇਜੇ ਗਏ ਹਨ। ਹਾਲਾਂਕਿ, ਖ਼ਬਰ ਲਿਖੇ ਜਾਣ ਤੱਕ ਹੈਲੀਕਾਪਟਰ ਦਾ ਮਲਬਾ ਨਹੀਂ ਮਿਲਿਆ ਸੀ। ਇਲਾਕੇ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਅਤੇ ਸੰਘਣੇ ਬੱਦਲਾਂ ਕਾਰਨ ਬਚਾਅ ਤੇ ਭਾਲ ਟੀਮਾਂ ਨੂੰ ਹੈਲੀਕਾਪਟਰ ਦੀ ਸਹੀ ਸਥਿਤੀ ਦਾ ਪਤਾ ਲਗਾਉਣ ਵਿੱਚ ਮੁਸ਼ਕਲ ਆ ਰਹੀ ਹੈ।

ਜ਼ਿਲ੍ਹਾ ਪ੍ਰਸ਼ਾਸਨ ਮੁਤਾਬਕ, ਚਾਈਂ ਪਿੰਡ ਦੇ ਨੇੜੇ ਧੂੰਆਂ ਉੱਠਦਾ ਦਿਖਾਈ ਦੇਣ ਦੀ ਸੂਚਨਾ ਮਿਲੀ ਹੈ। ਇਸ ਦੇ ਆਧਾਰ ’ਤੇ ਵੀ ਇਲਾਕੇ ਵਿੱਚ ਭਾਲ ਕੀਤੀ ਜਾ ਰਹੀ ਹੈ।

ਅਕਤੂਬਰ ’ਚ ਪਹਿਲਾਂ ਵੀ ਹੋਈਆਂ ਸਨ ਦੋ ਐਮਰਜੈਂਸੀ ਲੈਂਡਿੰਗਾਂ

ਜ਼ਿਕਰਯੋਗ ਹੈ ਕਿ ਉੱਤਰਾਖੰਡ ਵਿੱਚ ਅਕਤੂਬਰ ਮਹੀਨੇ ਦੀ ਸ਼ੁਰੂਆਤ ਦੌਰਾਨ ਚਾਰਧਾਮ ਯਾਤਰਾ ਨਾਲ ਜੁੜੇ ਹੈਲੀਕਾਪਟਰਾਂ ਦੀਆਂ ਦੋ ਐਮਰਜੈਂਸੀ ਲੈਂਡਿੰਗਾਂ ਵੀ ਹੋਈਆਂ ਸਨ। ਖ਼ਰਾਬ ਮੌਸਮ ਕਾਰਨ ਇੱਕ ਹੈਲੀਕਾਪਟਰ ਨੂੰ ਰੁਦਰਪ੍ਰਯਾਗ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ ਸੀ, ਜਦਕਿ ਦੂਜੇ ਹੈਲੀਕਾਪਟਰ ਨੂੰ ਤਕਨੀਕੀ ਖ਼ਰਾਬੀ ਕਾਰਨ ਟਿਹਰੀ ਵਿੱਚ ਉਤਾਰਨਾ ਪਿਆ ਸੀ।

By Gurpreet Singh

Leave a Reply

Your email address will not be published. Required fields are marked *