ਵਿਧਾਨ ਸਭਾ ‘ਚ ਹੰਗਾਮਾ, ਮੰਤਰੀ ਹਰਪਾਲ ਚੀਮਾ ਤੇ ਸੁਖਪਾਲ ਖਹਿਰਾ ਵਿਚਾਲੇ ਹੋਈ ਤਿੱਖੀ ਬਹਿਸ

ਗੁਰਪ੍ਰੀਤ ਸਿੰਘ :- ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਭਾਰੀ ਹੰਗਾਮੇ ਨਾਲ ਸ਼ੁਰੂ ਹੋਈ । ਸੈਸ਼ਨ ਦਾ ਅੱਜ ਪੰਜਵਾਂ ਦਿਨ ਹੈ। ਸਰਕਾਰ ਤੇ ਵਿਰੋਧੀ ਧਿਰ ਆਹਮੋ-ਸਾਹਮਣੇ ਹੋਈ। ਬੀਤੇ ਦਿਨੀਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਖਿਲਾਫ ਨਿੰਦਾ ਪ੍ਰਸਤਾਵ ਕੀਤਾ ਗਿਆ ਪਾਸ ਸੀ। ਉਨ੍ਹਾਂ ਨੇ ਮਹਿਲਾਵਾਂ ਨੂੰ ਦਿੱਤੀ ਜਾਣ ਵਾਲੀ 1000 ਰੁਪਏ ਦੀ ਵਿੱਤੀ ਸਹਾਇਤਾ ਬਾਰੇ ਵਿਵਾਦਿਤ ਬਿਆਨ ਦਿੱਤਾ ਸੀ।

ਅੱਜ ਸੁਖਪਾਲ ਖਹਿਰਾ ਸਦਨ ਵਿਚ ਆਏ ਤੇ ਉਨ੍ਹਾਂ ਵੱਲੋਂ ਆਪਣਾ ਪੱਖ ਪੇਸ਼ ਕੀਤਾ ਜਾਵੇਗਾ ਪਰ ਇਸ ਤੋਂ ਪਹਿਲਾਂ ਹੀ ਮੰਤਰੀ ਹਰਪਾਲ ਚੀਮਾ ਤੇ ਸੁਖਪਾਲ ਖਹਿਰਾ ਵਿਚਾਲੇ ਤਿੱਖੀ ਬਹਿਸ ਹੋਈ। ਚੀਮਾ ਨੇ ਕਿਹਾ ਕਿ ਖਹਿਰਾ ਮਾਂਵਾਂ-ਭੈਣਾਂ ਦੀਆਂ ਕੁੱਖਾਂ ਤੱਕ ਪਹੁੰਚ ਗਏ ਹਨ। ਉਹ ਵਿਧਾਨ ਸਭਾ ‘ਚ ਬਦਮਾਸ਼ੀ ਕਰ ਰਹੇ ਹਨ। ਉਨ੍ਹਾਂ ਨੂੰ ਬਿਨ੍ਹਾਂ ਸ਼ਰਤ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਤੇ ਖਹਿਰਾ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਖਤਮ ਕੀਤੀ ਜਾਣੀ ਚਾਹੀਦੀ ਹੈ। ਮਾਹੌਲ ਨੂੰ ਭਖਦਾ ਦੇਖ ਕੇ ਵਿਧਾਨ ਸਭਾ ਦੀ ਕਾਰਵਾਈ ਨੂੰ 20 ਮਿੰਟਾਂ ਲਈ ਮੁਲਤਵੀ ਕਰ ਦਿੱਤਾ ਗਿਆ।

ਦੱਸ ਦੇਈਏ ਕਿ ਖਹਿਰਾ ਦੇ ਵਿਵਾਦਿਤ ਬਿਆਨ ਨੂੰ ਲੈ ਕੇ ਮਹਿਲਾ ਕਮਿਸ਼ਨ ਨੇ ਉਨ੍ਹਾਂ ਨੂੰ 12 ਮਾਰਚ ਤੱਕ ਜਵਾਬ ਦੇਣ ਲਈ ਕਿਹਾ ਹੈ ਤੇ ਨਾਲ ਹੀ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਵੀ ਖਹਿਰਾ ਦੇ ਬਿਆਨ ‘ਤੇ ਗੁੱਸਾ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ 2027 ਤੱਕ ਖਹਿਰਾ ਨੂੰ ਸਦਨ ਤੋਂ ਬਾਹਰ ਰੱਖਿਆ ਜਾਵੇ ਤੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।

By Gurpreet Singh

Leave a Reply

Your email address will not be published. Required fields are marked *