ਗੁਰਪ੍ਰੀਤ ਸਿੰਘ :- ਅਜਨਾਲਾ ਦੇ ਪਿੰਡ ਤੇੜੀ ਵਿੱਚ ਲੜਕਾ ਲੜਕੀ ਵੱਲੋਂ ਘਰਦਿਆਂ ਦੀ ਸਹਿਮਤੀ ਤੋਂ ਬਿਨ੍ਹਾਂ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣ ਮਗਰੋਂ ਭਾਰੀ ਹੰਗਾਮਾ ਹੋਇਆ। ਮਰਜ਼ੀ ਨਾਲ ਵਿਆਹ ਕਰਵਾਉਣਾ ਲੜਕੇ ਦੇ ਪਰਿਵਾਰ ਨੂੰ ਮਹਿੰਗਾ ਪੈ ਗਿਆ ਜਦੋਂ ਲੜਕੀ ਦੇ ਪਰਿਵਾਰ ਵੱਲੋਂ ਲੜਕੇ ਦੇ ਘਰ ਵਿੱਚ ਦਾਖ਼ਲ ਹੋ ਕੇ ਬੁਰੀ ਤਰ੍ਹਾਂ ਭੰਨ ਤੋੜ ਕਰਕੇ ਗੁੰਡਾਗਰਦੀ ਕਰਨ ਦੇ ਦੋਸ਼ ਲੱਗ ਰਹੇ ਹਨ।
ਇਸ ਮੌਕੇ ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲੜਕਾ ਤੇ ਲੜਕੀ ਨੇ ਮਰਜ਼ੀ ਨਾਲ ਵਿਆਹ ਕਰਵਾ ਲਿਆ ਹੈ ਜਿਸ ਕਾਰਨ ਗੁੱਸੇ ਵਿੱਚ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੇ ਘਰ ਵਿੱਚ ਦਾਖ਼ਲ ਹੋ ਕੇ ਪੂਰੇ ਘਰ ਦੀ ਭੰਨਤੋੜ ਕੀਤੀ ਗਈ ਹੈ। ਇਸ ਦੌਰਾਨ ਘਰ ਦਾਖ਼ਲ ਹੋਕੇ ਲੱਖਾਂ ਰੁਪਏ ਦੇ ਸਮਾਨ ਦਾ ਨੁਕਸਾਨ ਕੀਤਾ ਗਿਆ ਹੈ ਉਥੇ ਹੀ ਘਰ ਵਿੱਚ ਰੱਖੇ ਕਬੂਤਰਾਂ ਨੂੰ ਵੀ ਮਾਰ ਕੇ ਬੁਰੀ ਤਰ੍ਹਾਂ ਸੁੱਟ ਦਿੱਤਾ ਗਿਆ।
ਲੜਕੇ ਦੇ ਪਰਿਵਾਰ ਨੇ ਦੱਸਿਆ ਕਿ ਉਸਦਾ ਪੁੱਤਰ ਉਸਦੇ ਪਿੰਡ ਦੀ ਰਹਿਣ ਵਾਲੀ ਲੜਕੀ ਨਾਲ ਪਿਆਰ ਕਰਦਾ ਸੀ। ਉਹ ਕਾਫ਼ੀ ਸਮੇਂ ਤੋਂ ਇੱਕ ਰਿਸ਼ਤੇ ਵਿੱਚ ਸਨ ਪਰ ਕੁੜੀ ਦੇ ਪਰਿਵਾਰ ਨੇ ਇਸਦਾ ਵਿਰੋਧ ਕੀਤਾ। ਸੋਮਵਾਰ ਨੂੰ ਦੋਵਾਂ ਨੇ ਭੱਜ ਕੇ ਵਿਆਹ ਕਰਵਾ ਲਿਆ। ਇਸ ਤੋਂ ਬਾਅਦ, ਡਰ ਦੇ ਮਾਰੇ, ਅਸੀਂ ਘਰ ਨੂੰ ਤਾਲਾ ਲਗਾ ਕੇ ਬਾਹਰ ਚਲੇ ਗਏ। ਦੋਸ਼ੀ ਨੇ ਪਿੱਛੇ ਤੋਂ ਘਰ ਦੀ ਭੰਨਤੋੜ ਕੀਤੀ।
ਇਸ ਮੌਕੇ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕੀਤੀ ਕਿ ਜਲਦ ਤੋਂ ਜਲਦ ਮੁਲਜ਼ਮਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਲੜਕੀ ਦੇ ਪਰਿਵਾਰਕ ਮੈਂਬਰ ਹੀਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦਾ ਵਿਆਹ ਸੀ ਜਿਸ ਨੂੰ ਇਹ ਲੜਕਾ ਭਜਾ ਕੇ ਲੈ ਕੇ ਗਿਆ ਸੀ ਅਤੇ ਉਹ ਆਪਣੀ ਦੂਸਰੀ ਲੜਕੀ ਦਾ ਵਿਆਹ ਕਰ ਰਹੇ ਸਨ। ਉਨ੍ਹਾਂ ਨੇ ਕਿਸੇ ਤਰ੍ਹਾਂ ਦੀ ਕੋਈ ਭੰਨਤੋੜ ਨਹੀਂ ਕੀਤੀ। ਉਨ੍ਹਾਂ ਉੱਪਰ ਜੋ ਇਲਜਾਮ ਲਗਾਏ ਜਾ ਰਹੇ ਹਨ ਉਹ ਗਲਤ ਹਨ। ਇਸ ਮੌਕੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
