ਪੂਰੀ ਤਰ੍ਹਾਂ ਸੀਲ ਹੋ ਗਿਆ ਪੰਜਾਬ ਦਾ ਇਹ ਜ਼ਿਲ੍ਹਾ, 200 ਮੁਲਾਜ਼ਮਾਂ ਨੇ ਸਾਂਭੇ ਮੋਰਚੇ

ਗੁਰਪ੍ਰੀਤ ਸਿੰਘ :- ਸ੍ਰੀ ਮੁਕਤਸਰ ਸਾਹਿਬ ਪੁਲਸ ਵੱਲੋਂ ਜ਼ਿਲਾ ਅੰਦਰ ਅਮਨ-ਕਾਨੂੰਨ ਦੀ ਸਥਿਤੀ ਮਜ਼ਬੂਤ ਬਣਾਈ ਰੱਖਣ ਲਈ ਸਪੈਸ਼ਲ ਨਾਕਾਬੰਦੀ ਅਤੇ ਸਰਚ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੀ ਅਗਵਾਈ ਐੱਸ. ਐੱਸ. ਪੀ. ਸ੍ਰੀ ਮੁਕਤਸਰ ਸਾਹਿਬ ਅਭਿਮੰਨਿਊ ਰਾਣਾ (ਆਈ. ਪੀ. ਐੱਸ.) ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਕੀਤੀ ਗਈ। ਮੁਕਤਸਰ ਸਾਹਿਬ ਪੁਲਸ ਵੱਲੋਂ ਜ਼ਿਲੇ ਭਰ ’ਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਇਕ ਵਿਸ਼ੇਸ਼ ਸਰਚ ਮੁਹਿੰਮ ਚਲਾਈ ਗਈ। ਇਸ ਦੌਰਾਨ ਜ਼ਿਲੇ ਦੇ ਚਾਰੇ ਸਬ-ਡਵੀਜ਼ਨਾਂ ਵਿਚ ਕੁੱਲ 24 ਨਾਕੇ ਲਗਾ ਕੇ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਗਹਿਰੀ ਚੈਕਿੰਗ ਕੀਤੀ ਗਈ। ਜ਼ਿਲੇ ਦੇ ਚਾਰੇ ਸਬ-ਡਵੀਜ਼ਨ ਸ੍ਰੀ ਮੁਕਤਸਰ ਸਾਹਿਬ, ਗਿੱਦੜਬਾਹਾ, ਮਲੋਟ ਅਤੇ ਲੰਬੀ ਵਿਚ ਨਾਕਾਬੰਦੀ ਕੀਤੀ ਗਈ। 

ਕੁੱਲ 200 ਦੇ ਕਰੀਬ ਪੁਲਸ ਅਧਿਕਾਰੀ ਅਤੇ ਕਰਮਚਾਰੀ ਡਿਊਟੀ ’ਤੇ ਤਾਇਨਾਤ ਰਹੇ। ਇਸ ਸਪੈਸ਼ਲ ਆਪ੍ਰੇਸ਼ਨ ਦੀ ਸੁਪਰਵਿਜ਼ਨ ਐੱਸ. ਪੀ. (ਡੀ) ਮਨਮੀਤ ਸਿੰਘ ਢਿੱਲੋ ਅਤੇ ਸਬੰਧਤ ਸਬ-ਡਵੀਜ਼ਨਾਂ ਦੇ ਡੀ. ਐੱਸ. ਪੀਜ਼ ਬਚਨ ਸਿੰਘ ਡੀ. ਐੱਸ. ਪੀ. (ਸ੍ਰੀ ਮੁਕਤਸਰ ਸਾਹਿਬ), ਅਰਨ ਮੁੰਡਨ ਡੀ. ਐੱਸ. ਪੀ. (ਗਿੱਦੜਬਾਹਾ), ਨਵੀਨ ਪਾਲ ਸਿੰਘ ਡੀ. ਐੱਸ. ਪੀ. (ਮਲੋਟ) ਅਤੇ ਹਰਬੰਸ ਸਿੰਘ ਡੀ. ਐੱਸ. ਪੀ. (ਲੰਬੀ) ਵੱਲੋਂ ਕੀਤੀ ਗਈ, ਤਾਂ ਜੋ ਨਾਕਾਬੰਦੀ ਅਤੇ ਚੈਕਿੰਗ ਦੌਰਾਨ ਹਰ ਪੱਧਰ ’ਤੇ ਪੂਰੀ ਸਖ਼ਤੀ ਬਣੀ ਰਹੇ। ਪਾਇਸ ਐਪ ਰਾਹੀਂ ਸ਼ੱਕੀ ਵਿਅਕਤੀਆਂ ਦੀ ਪਛਾਣ ਅਤੇ ਵੈਰੀਫਿਕੇਸ਼ਨ ਕੀਤੀ ਗਈ। ਵਾਹਨ ਐਪ ਦੀ ਮਦਦ ਨਾਲ ਵਾਹਨਾਂ ਦੀ ਜਾਂਚ ਕੀਤੀ ਗਈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਵਾਹਨ ਚੋਰੀਸ਼ੁਦਾ ਜਾਂ ਕਿਸੇ ਅਪਰਾਧਕ ਗਤੀਵਿਧੀ ’ਚ ਸ਼ਾਮਲ ਨਾ ਹੋਵੇ। ਇਸ ਮੌਕੇ ਐੱਸ. ਪੀ.(ਡੀ) ਮਨਮੀਤ ਸਿੰਘ ਢਿੱਲੋ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜ਼ਿਲ੍ਹੇ ਅੰਦਰ ਸਿਟੀ ਨੂੰ ਪੂਰਾ ਸੀਲ ਕਰ ਕੇ ਹਰ ਇਕ ਵ੍ਹੀਕਲ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਗਈ। ਸ਼ੱਕੀ ਵਿਅਕਤੀਆਂ ਅਤੇ ਸ਼ੱਕੀ ਪੁਰਸ਼ਾਂ ਦੇ ਆਉਣ-ਜਾਣ ’ਤੇ ਵਿਸ਼ੇਸ਼ ਨਿਗਰਾਨੀ ਰੱਖੀ ਗਈ। ਇਸ ਤੋਂ ਇਲਾਵਾ, ਹਰ ਵਾਹਨ ਦੀ ਡੀਟੇਲ ਚੈੱਕ ਕਰ ਕੇ ਡਰਾਈਵਰਾਂ ਦੀ ਪਛਾਣ ਕੀਤੀ ਗਈ ਅਤੇ ਜ਼ਰੂਰੀ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ। ਪੁਲਸ ਟੀਮਾਂ ਵੱਲੋਂ ਨਾਕਿਆਂ ’ਤੇ ਆਧੁਨਿਕ ਉਪਕਰਣਾਂ ਦੀ ਵਰਤੋਂ ਕਰਦੇ ਹੋਏ ਸੰਦੇਹੀ ਸਾਮਾਨ ਦੀ ਤਲਾਸ਼ੀ ਲਈ। ਕਿਸੇ ਵੀ ਕਿਸਮ ਦੀ ਗੈਰਕਾਨੂੰਨੀ ਗਤੀਵਿਧੀ ਨੂੰ ਰੋਕਣ ਲਈ ਦਿਨ-ਰਾਤ ਮੁਹਿੰਮ ਜਾਰੀ ਰੱਖੀ ਗਈ ਹੈ।

ਐੱਸ. ਐੱਸ. ਪੀ. ਸ੍ਰੀ ਮੁਕਤਸਰ ਸਾਹਿਬ ਅਭਿਮੰਨਿਊ ਰਾਣਾ ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਪੁਲਸ ਜ਼ਿਲ੍ਹੇ ਦੀ ਸ਼ਾਂਤੀ, ਸੁਰੱਖਿਆ ਅਤੇ ਕਾਨੂੰਨ-ਵਿਵਸਥਾ ਨੂੰ ਹਰ ਕੀਮਤ ’ਤੇ ਬਰਕਰਾਰ ਰੱਖਣ ਲਈ ਵਚਨਬੱਧ ਹੈ। ਇਹ ਵਿਸ਼ੇਸ਼ ਸਰਚ ਅਭਿਆਨ ਅਪਰਾਧਕ ਗਤੀਵਿਧੀਆਂ ’ਤੇ ਨਕੇਲ ਕੱਸਣ ਅਤੇ ਸ਼ਰਾਰਤੀ ਅਨਸਰਾਂ ਦੀ ਸਰਗਰਮੀ ’ਤੇ ਨਿਗਰਾਨੀ ਲਈ ਚਲਾਇਆ ਗਿਆ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਜ਼ਿਲੇ ’ਚ ਗੈਂਗਸਟਰਾਂ, ਨਸ਼ਾ ਸਮੱਗਲਰਾਂ ਅਤੇ ਕਿਸੇ ਵੀ ਤਰ੍ਹਾਂ ਦੀ ਅਪਰਾਧਕ ਸਰਗਰਮੀ ਲਈ ਕੋਈ ਥਾਂ ਨਹੀਂ ਹੈ। ਆਪਣੇ ਇਲਾਕੇ ’ਚ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਪੁਲਸ ਨੂੰ ਸੂਚਿਤ ਕਰੋ। ਜੇਕਰ ਕਿਸੇ ਕੋਲ ਨਸ਼ਾ ਸਮੱਗਲਿੰਗ ਜਾਂ ਅਪਰਾਧਕ ਗਤੀਵਿਧੀ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ 80549-42100 ਨੰਬਰ ’ਤੇ ਫੋਨ ਜਾਂ ਵਟਸਐਪ ਕਰ ਸਕਦੇ ਹਨ। ਜਾਣਕਾਰੀ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।

By Gurpreet Singh

Leave a Reply

Your email address will not be published. Required fields are marked *