ਮੁੰਬਈ/ਨਵੀਂ ਦਿੱਲੀ: ਦਿੱਗਜ਼ ਗਾਇਕਾ ਆਸ਼ਾ ਭੌਂਸਲੇ (92) ਦੀ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੇਸ਼ ਭਰ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਸਲਾਮਤੀ ਲਈ ਦੁਆਵਾਂ ਮੰਗੀਆਂ ਹਨ। ਆਸ਼ਾ ਭੌਂਸਲੇ ਦੀ ਸਿਹਤ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਕੇ ਚਿੰਤਾ ਜਤਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘X’ (ਪਹਿਲਾਂ ਟਵਿੱਟਰ) ‘ਤੇ ਪੋਸਟ ਸਾਂਝੀ ਕਰਦਿਆਂ ਲਿਖਿਆ, “ਆਸ਼ਾ ਭੌਂਸਲੇ ਜੀ ਦੇ ਹਸਪਤਾਲ ਵਿੱਚ ਦਾਖ਼ਲ ਹੋਣ ਬਾਰੇ ਸੁਣ ਕੇ ਬਹੁਤ ਚਿੰਤਾ ਹੋਈ। ਮੈਂ ਉਨ੍ਹਾਂ ਦੀ ਚੰਗੀ ਸਿਹਤ ਅਤੇ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਦਾ ਹਾਂ।”
ਦੱਸ ਦੇਈਏ ਕਿ ਆਸ਼ਾ ਭੌਂਸਲੇ ਦੀ ਪੋਤੀ ਜ਼ਨਾਈ ਭੌਂਸਲੇ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਨੀਵਾਰ ਨੂੰ ਛਾਤੀ ਵਿੱਚ ਇਨਫੈਕਸ਼ਨ ਅਤੇ ਬਹੁਤ ਜ਼ਿਆਦਾ ਥਕਾਵਟ ਕਾਰਨ ਹਸਪਤਾਲ ਲਿਜਾਇਆ ਗਿਆ ਸੀ। ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖ਼ਬਰ ਮਿਲੀ ਹੈ ਕਿ 92 ਸਾਲਾ ਗਾਇਕਾ ਨੂੰ ਦਿਲ ਦਾ ਦੌਰਾ (Cardiac Arrest) ਪਿਆ ਸੀ ਅਤੇ ਉਨ੍ਹਾਂ ਨੂੰ ਫੇਫੜਿਆਂ ਨਾਲ ਸਬੰਧਤ ਸਮੱਸਿਆਵਾਂ ਵੀ ਆ ਰਹੀਆਂ ਹਨ। ਭਾਰਤੀ ਸੰਗੀਤ ਜਗਤ ਦੀ ‘ਲੈਜੈਂਡਰੀ’ ਗਾਇਕਾ ਆਸ਼ਾ ਭੌਂਸਲੇ ਦੀ ਸਿਹਤ ਨੂੰ ਲੈ ਕੇ ਸੰਗੀਤ ਪ੍ਰੇਮੀਆਂ ਵਿੱਚ ਕਾਫੀ ਚਿੰਤਾ ਪਾਈ ਜਾ ਰਹੀ ਹੈ। ਫਿਲਹਾਲ ਡਾਕਟਰਾਂ ਦੀ ਇੱਕ ਟੀਮ ਉਨ੍ਹਾਂ ਦੀ ਸਿਹਤ ‘ਤੇ ਨਜ਼ਰ ਰੱਖ ਰਹੀ ਹੈ।
