ਸੜਕ ਕਿਨਾਰੇ ਖਰਾਬ ਖੜ੍ਹੇ ਈ-ਰਿਕਸ਼ਾ ਨੂੰ ਬੱਸ ਚਾਲਕ ਨੇ ਮਾਰੀ ਟੱਕਰ, ਜਵਾਕ ਦੀ ਮੌਤ

ਲੁਧਿਆਣਾ (ਸ਼ਿਵਮ, ਅਨਿਲ) – ਸਥਾਨਕ ਕਸਬਾ ਲਾਡੋਵਾਲ ਦੇ ਚੌਂਕ ਵਿੱਚ ਅੱਜ ਨੈਸ਼ਨਲ ਹਾਈਵੇ ਉੱਪਰ ਖਰਾਬ ਹੋਏ ਈ-ਰਿਕਸ਼ਾ ਨੂੰ ਪਿੱਛੋਂ ਆ ਰਹੀ ਬੱਸ ਦੇ ਚਾਲਕ ਵੱਲੋਂ ਟੱਕਰ ਮਾਰ ਦਿੱਤੀ ਗਈ, ਜਿਸ ਕਾਰਨ ਈ-ਰਿਕਸ਼ਾ ਵਿੱਚ ਸਵਾਰ ਇਕ ਤਿੰਨ ਸਾਲ ਦੀ ਲੜਕੀ ਅਤੇ ਉਸਦੀ ਦਾਦੀ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਅਨੁਸਾਰ ਸਲੇਮ ਟਾਬਰੀ ਦੇ ਮੁਹੱਲਾ ਖਜੂਰ ਚੌਂਕ ਤੋਂ ਈ-ਰਿਕਸ਼ਾ ਵਿੱਚ ਸਵਾਰ ਹੋ ਕੇ ਇੱਕ ਪਰਿਵਾਰ ਆਪਣੇ ਬੱਚਿਆਂ ਨਾਲ ਫਿਲੌਰ ਵਲ ਜਾ ਰਿਹਾ ਸੀ ਅਤੇ ਅਚਾਨਕ ਲਾਡੋਵਾਲ ਚੌਂਕ ਦੇ ਕੋਲ ਈ-ਰਿਕਸ਼ਾ ਖਰਾਬ ਹੋ ਗਿਆ ਤੇ ਉਸੇ ਦੌਰਾਨ ਲੁਧਿਆਣਾ ਤੋਂ ਅੰਮ੍ਰਿਤਸਰ ਦੀ ਤਰਫ ਜਾ ਰਹੀ ਪ੍ਰਾਈਵੇਟ ਕੰਪਨੀ ਦੀ ਬੱਸ ਦੀ ਪਿਛਲੀ ਡਿੱਗੀ ਦਾ ਦਰਵਾਜ਼ਾ ਇਕਦਮ ਖੁੱਲ੍ਹ ਗਿਆ ਜੋ ਈ-ਰਿਕਸ਼ਾ ਨਾਲ ਜਾ ਟਕਰਾਇਆ।

ਇਸ ਦੌਰਾਨ ਈ-ਰਿਕਸ਼ਾ ਨੈਸ਼ਨਲ ਹਾਈਵੇ ਉੱਪਰ ਪਲਟ ਗਿਆ, ਜਿਸ ਤੋਂ ਬਾਅਦ ਈ-ਰਿਕਸ਼ਾ ਵਿੱਚ ਸਵਾਰ 3 ਸਾਲ ਦੀ ਬੱਚੀ ਅਤੇ ਉਸ ਵਿੱਚ ਬੈਠੀਆਂ ਸਵਾਰੀਆਂ ਈ-ਰਿਕਸ਼ਾ ਦੇ ਥੱਲੇ ਆ ਗਈਆਂ ਤੇ 3 ਸਾਲ ਦੀ ਲੜਕੀ ਤੇ ਉਸਦੀ ਦਾਦੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਗੰਭੀਰ ਰੂਪ ਵਿਚ ਜ਼ਖਮੀ 3 ਸਾਲ ਦੀ ਲੜਕੀ ਗੁਰਸੀਰਤ ਕੌਰ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ।

ਹਾਦਸੇ ਦੀ ਸੂਚਨਾ ਥਾਣਾ ਲਾਡੋਵਾਲ ਦੀ ਪੁਲਸ ਨੂੰ ਦਿੱਤੀ ਗਈ ਤਾਂ ਤੁਰੰਤ ਮੌਕੇ ’ਤੇ ਥਾਣਾ ਲਾਡੋਵਾਲ ਦੇ ਥਾਣੇਦਾਰ ਮਨਜੀਤ ਸਿੰਘ ਪੁਲਸ ਟੀਮ ਦੇ ਨਾਲ ਪਹੁੰਚੇ ਤੇ ਜ਼ਖਮੀਆਂ ਨੂੰ ਹਸਪਤਾਲ ਭੇਜਿਆ।

ਲਾਡੋਵਾਲ ਚੌਂਕ ’ਚ ਟ੍ਰੈਫਿਕ ਪੁਲਸ ਕਰਮਚਾਰੀਆਂ ਦੀ ਗੈਰ-ਮੌਜੂਦਗੀ ਕਾਰਨ ਹੋਇਆ ਹਾਦਸਾ
ਲਾਡੋਵਾਲ ਚੌਂਕ ਵਿਚ ਟ੍ਰੈਫਿਕ ਪੁਲਸ ਵਿਭਾਗ ਵੱਲੋਂ ਤਿੰਨ ਪੁਲਸ ਕਰਮਚਾਰੀਆਂ ਨੂੰ ਟ੍ਰੈਫਿਕ ਸਮੱਸਿਆ ਨੂੰ ਕੰਟਰੋਲ ਕਰਨ ਲਈ ਤਾਇਨਾਤ ਕੀਤਾ ਗਿਆ ਹੈ। ਹਰ ਰੋਜ਼ ਟ੍ਰੈਫਿਕ ਪੁਲਸ ਕਰਮਚਾਰੀ ਦੁਪਹਿਰ 2 ਵਜੇ ਤੋਂ ਲੈ ਕੇ 6 ਵਜੇ ਤੱਕ ਗਾਇਬ ਹੋ ਜਾਂਦੇ ਹਨ, ਜਿਸ ਤੋਂ ਬਾਅਦ ਟ੍ਰੈਫਿਕ ਪੁਲਸ ਕਰਮਚਾਰੀ ਸ਼ਾਮ ਢਲਣ ਤੋਂ ਬਾਅਦ ਲਾਡੋਵਾਲ ਚੌਂਕ ਵਿਚ ਡਿਊਟੀ ”ਤੇ ਵਾਪਸ ਆਉਂਦੇ ਹਨ।

ਜੇਕਰ ਅੱਜ ਸ਼ਾਮ 5 ਵਜੇ ਲਾਡੋਵਾਲ ਚੌਂਕ ਵਿੱਚ ਟ੍ਰੈਫਿਕ ਪੁਲਸ ਕਰਮਚਾਰੀ ਤਾਇਨਾਤ ਹੁੰਦੇ ਤਾਂ ਉਨ੍ਹਾਂ ਵੱਲੋਂ ਹਾਈਵੇ ਦੇ ਉੱਪਰ ਖਰਾਬ ਖੜ੍ਹੇ ਈ-ਰਿਕਸ਼ਾ ਨੂੰ ਹਾਈਵੇ ਤੋਂ ਹਟਾ ਕੇ ਸਾਈਡ ”ਤੇ ਕਰਵਾ ਦਿੱਤਾ ਜਾਂਦਾ ਤਾਂ ਅੱਜ ਇਹ ਹਾਦਸਾ ਹੋਣ ਤੋਂ ਬਚਾਅ ਹੋ ਜਾਂਦਾ।

ਜਾਂਚ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਪੁਲਸ ਵੱਲੋਂ ਬੱਸ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
 

By Gurpreet Singh

Leave a Reply

Your email address will not be published. Required fields are marked *