ਫਰਦ ਕੇਂਦਰ ‘ਚ ਜਾਣ ਵਾਲੇ ਦੇਣ ਧਿਆਨ, ਨਹੀਂ ਤਾਂ ਹੋਣਾ ਪਵੇਗਾ ਖੱਜਲ

ਨਾਭਾ : ਫਰਦ ਕੇਂਦਰ ਨਾਭਾ ਦੇ ਡਾਟਾ ਆਪ੍ਰੇਟਰਾਂ ਵਲੋਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਕਲਮ ਛੋੜ ਹੜਤਾਲ ਸ਼ੁਰੂ ਕੀਤੀ ਗਈ। ਸੁਪਰਵਾਈਜ਼ਰ ਹਰਸਿਮਰਨ ਜੀਤ ਸਿੰਘ, ਪਰਮਿੰਦਰ ਕੁਮਾਰ, ਅੰਜੂ ਰਾਣਾ, ਅਸ਼ਵਨੀ ਕੁਮਾਰ ਅਤੇ ਖੁਸ਼ਪ੍ਰੀਤ ਸ਼ਰਮਾ ਨੇ ਕਿਹਾ ਕਿ ਫਰਦ ਕੇਂਦਰਾਂ ’ਚ ਪਿਛਲੇ 15 ਤੋਂ ਜ਼ਿਆਦਾ ਸਾਲਾਂ ਤੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ 800 ਤੋਂ ਵੱਧ ਡਾਟਾ ਐਂਟਰੀ ਆਪ੍ਰੇਟਰਾਂ ਦੇ ਭਵਿੱਖ ’ਤੇ ਅਨਿਸ਼ਚਿਤਤਾ ਦੇ ਬੱਦਲ ਛਾ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਲੈਂਡ ਰਿਕਾਰਡਜ਼ ਸੋਸਾਇਟੀ ਵਲੋਂ ਜਾਰੀ ਨਵੇਂ ਮੈਨਪਾਵਰ ਟੈਂਡਰ ’ਚ ਸਿਰਫ਼ 674 ਕਰਮਚਾਰੀਆਂ ਦੀ ਲੋੜ ਦਰਸਾਉਣ ਨਾਲ ਲਗਭਗ 133 ਮੌਜੂਦਾ ਆਪ੍ਰੇਟਰਾਂ ਅਤੇ ਸੇਵਾਦਾਰਾਂ ਦੀ ਨੌਕਰੀ ’ਤੇ ਸਿੱਧਾ ਖ਼ਤਰਾ ਬਣ ਗਿਆ ਹੈ। 

ਉਨ੍ਹਾਂ ਦੱਸਿਆ ਕਿ ਇਹ ਸਾਰੇ ਡਾਟਾ ਆਪਰੇਟਰ ਲੰਮੇ ਸਮੇਂ ਤੋਂ ਇਮਾਨਦਾਰੀ ਨਾਲ ਸੇਵਾ ਕਰ ਰਹੇ ਹਨ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਰੋਜ਼ੀ-ਰੋਟੀ ਇਸ ਨੌਕਰੀ ਨਾਲ ਜੁੜੀ ਹੋਈ ਹੈ। ਇਸ ਤਰ੍ਹਾਂ ਦਾ ਫੈਸਲਾ ਨਾ ਸਿਰਫ਼ ਕਰਮਚਾਰੀਆਂ ਨਾਲ ਅਨਿਆਇ ਹੈ, ਸਗੋਂ ਉਨ੍ਹਾਂ ਦੇ ਪਰਿਵਾਰਾਂ ਨੂੰ ਆਰਥਿਕ ਤੌਰ ’ਤੇ ਤਬਾਹ ਕਰਨ ਵਾਲਾ ਹੈ। ਆਗੂਆਂ ਨੇ ਮੰਗ ਕੀਤੀ ਕਿ ਲਵਪ੍ਰੀਤ ਰਾਮ ਸਿੰਘ ਜ਼ਿਲਾ ਤਰਨਤਾਰਨ ਦੀਆਂ ਸੇਵਾਵਾਂ ਨੂੰ ਬਹਾਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਕਿਰਤ ਕਾਨੂੰਨ ਅਨੁਸਾਰ ਬਣਦੀ ਘੱਟੋ-ਘੱਟ ਉਜਰਤ ਦਿੱਤੀ ਜਾਵੇ ਅਤੇ ਹਰ ਸਾਲ ਤਨਖਾਹ ’ਚ ਵਾਧਾ (ਇੰਕਰੀਮੈਂਟ) ਦਿੱਤਾ ਜਾਵੇ। 

ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਸੇਵਾਵਾਂ ਨੂੰ ਕਿਸੇ ਪ੍ਰਾਈਵੇਟ ਕੰਪਨੀ ਨੂੰ ਦੇਣ ਦੀ ਬਜਾਏ ਸਿੱਧੇ ਤੌਰ ’ਤੇ ਪੰਜਾਬ ਸਰਕਾਰ ਦੇ ਮਾਲ ਵਿਭਾਗ ਦੇ ਅਧੀਨ ਲਿਆਂਦਾ ਜਾਵੇ ਅਤੇ ਨੌਕਰੀ 58 ਸਾਲ ਦੀ ਉਮਰ ਤੱਕ ਸੁਰੱਖਿਅਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਡਾਟਾ ਆਪ੍ਰੇਟਰਾਂ ਦੀ ਤਨਖਾਹ ਵਧਾ ਕੇ ਡੀ.ਸੀ. ਰੇਟ ਅਨੁਸਾਰ ਕੀਤੀ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਹੜਤਾਲ ਜਾਰੀ ਰਹੇਗੀ।

By Gurpreet Singh

Leave a Reply

Your email address will not be published. Required fields are marked *