ਜੰਮੂ ਤੋਂ ਫੜੇ ਸ਼ੂਟਰਾਂ ਦਾ ਪੁਲਿਸ ਨਾਲ ਮੁਕਾਬਲਾ, ਚੰਡੀਗੜ੍ਹ ਨੇੜੇ ਜੰਗਲਾਂ ਰਾਹੀਂ ਭੱਜਣ ਦੀ ਕੀਤੀ ਸੀ ਕੋਸ਼ਿਸ਼

ਗੁਰਪ੍ਰੀਤ ਸਿੰਘ :- ਚੰਡੀਗੜ੍ਹ ਸੈਕਟਰ 11 ‘ਚ ਇੱਕ ਦਵਾਈਆਂ ਦੀ ਦੁਕਾਨ ‘ਚ ਗੋਲੀਆਂ ਚਲਾ ਕੇ ਕੈਸ਼ੀਅਰ ਨੂੰ ਮਾਰਨ ਦੇ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਨੇ ਜੰਮੂ ਤੋਂ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਸ਼ੂਟਰਾਂ ਨੂੰ ਜਦੋਂ ਜੰਮੂ ਤੋਂ ਚੰਡੀਗੜ੍ਹ ਲਿਆਂਦਾ ਜਾ ਰਿਹਾ ਸੀ ਤਾਂ ਧਨਾਸ ਨੇੜੇ ਮੁਲਜ਼ਮਾਂ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੌਰਾਨ ਪੁਲਿਸ ਨਾਲ ਮੁਕਾਬਲਾ ਹੋਇਆ।

ਪੁਲਿਸ ਜਾਣਕਾਰੀ ਅਨੁਸਾਰ, ਦੋਵਾਂ ਮੁਲਜ਼ਮਾਂ ਨੂੰ ਮੁੜ ਕਾਬੂ ਕਰ ਲਿਆ ਗਿਆ ਹੈ। ਭੱਜਣ ਦੀ ਕੋਸ਼ਿਸ਼ ਦੌਰਾਨ ਦੋਵੇਂ ਮੁਲਜ਼ਮ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਮੁਕਾਬਲਾ ਸੈਕਟਰ 25 ਨੇੜੇ ਹੋਇਆ।

ਜਾਣਕਾਰੀ ਅਨੁਸਾਰ, ਸਵੇਰੇ 5 ਵਜੇ ਦੇ ਲਗਭਗ ਮੁਕਾਬਲੇ ਦੌਰਾਨ, ਹਮਲਾਵਰ ਸੰਨੀ ਮਹਿਰਾ ਨੂੰ ਦੋ ਗੋਲੀਆਂ ਲੱਗੀਆਂ ਅਤੇ ਦੂਜੇ ਦੋਸ਼ੀ ਆਰੀਅਨ ਨੂੰ ਇੱਕ ਗੋਲੀ ਲੱਗੀ। ਕਿਹਾ ਜਾ ਰਿਹਾ ਹੈ ਕਿ ਗੋਲੀਆਂ ਉਨ੍ਹਾਂ ਦੇ ਪੈਰਾਂ ਵਿੱਚ ਲੱਗੀਆਂ ਹਨ। ਦੋਵਾਂ ਨੂੰ ਸੱਟਾਂ ਨਾਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਪੁਲਿਸ ਸੂਤਰਾਂ ਅਨੁਸਾਰ, ”ਦੋਵੇਂ ਦੋਸ਼ੀ ਬਹੁਤ ਚਲਾਕ ਹਨ। ਜਿਵੇਂ ਹੀ ਪੁਲਿਸ ਟੀਮਾਂ ਚੰਡੀਗੜ੍ਹ ਪਹੁੰਚੀਆਂ, ਉਨ੍ਹਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਇਹ ਰਸਤਾ ਸੁੰਨਸਾਨ ਹੈ ਅਤੇ ਉਹ ਇੱਥੋਂ ਆਸਾਨੀ ਨਾਲ ਭੱਜ ਸਕਦੇ ਹਨ। ਉਨ੍ਹਾਂ ਨੇ ਇਸਦਾ ਫਾਇਦਾ ਉਠਾਇਆ ਅਤੇ ਭੱਜਣ ਦੀ ਕੋਸ਼ਿਸ਼ ਕੀਤੀ।”

ਪੁਲਿਸ ਟੀਮਾਂ ਵੱਲੋਂ ਮੌਕੇ ‘ਤੇ ਪਹੁੰਚ ਕੇ ਘਟਨਾ ਸਥਾਨ ਦਾ ਮੁਆਇਨਾ ਕੀਤਾ ਜਾ ਰਿਹਾ ਹੈ ਅਤੇ ਜਾਂਚ ਜਾਰੀ ਹੈ।

ਦੱਸ ਦਈਏ ਕਿ ਚੰਡੀਗੜ੍ਹ ਪੁਲਿਸ ਨੇ ਜੰਮੂ ਅਤੇ ਕਸ਼ਮੀਰ ਪੁਲਿਸ ਦੀ ਸਹਾਇਤਾ ਨਾਲ, 13 ਜੂਨ ਨੂੰ ਸੈਕਟਰ 11 ਦੇ ਸ਼੍ਰੀ ਕੁਮਾਰ ਮੈਡੀਕਲ ਹਾਲ ਵਿੱਚ ਦਿਨ-ਦਿਹਾੜੇ ਹੋਏ ਹਮਲੇ ਦੇ ਸਬੰਧ ਵਿੱਚ ਦੋ ਮੁਲਜ਼ਮਾਂ ਆਰੀਅਨ ਅਤੇ ਸੰਨੀ ਮਹਿਰਾ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਵਿੱਚ  45 ਸਾਲਾ ਕੈਸ਼ੀਅਰ ਜਾਨਕੀ ਦਾਸ ਦੀ ਜਾਨ ਚਲੀ ਗਈ ਸੀ।

By Gurpreet Singh

Leave a Reply

Your email address will not be published. Required fields are marked *