ਤਿੰਨ ਸਾਲ ਬਾਅਦ ਸ਼੍ਰੀਸੰਤ ਨੂੰ ਵੱਡੀ ਰਾਹਤ, KCA ਨੇ ਹਟਾਈ ਪਾਬੰਦੀ

ਚੰਡੀਗੜ੍ਹ (ਗੁਰਪ੍ਰੀਤ ਸਿੰਘ) : ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਐਸ. ਸ਼੍ਰੀਸੰਤ ਨੂੰ ਕੇਰਲ ਕ੍ਰਿਕਟ ਐਸੋਸੀਏਸ਼ਨ (KCA) ਵੱਲੋਂ ਵੱਡੀ ਰਾਹਤ ਮਿਲੀ ਹੈ। KCA ਨੇ ਸ਼੍ਰੀਸੰਤ ‘ਤੇ ਲਗਾਈ ਗਈ ਤਿੰਨ ਸਾਲ ਦੀ ਪਾਬੰਦੀ ਨੂੰ ਹਟਾਉਣ ਦਾ ਫ਼ੈਸਲਾ ਕੀਤਾ ਹੈ। ਇਹ ਪਾਬੰਦੀ ਸੋਸ਼ਲ ਮੀਡੀਆ ‘ਤੇ ਕੀਤੀਆਂ ਗਈਆਂ ਟਿੱਪਣੀਆਂ ਕਾਰਨ ਲਗਾਈ ਗਈ ਸੀ, ਜਿਨ੍ਹਾਂ ਨੂੰ ਐਸੋਸੀਏਸ਼ਨ ਨੇ ਆਪਣੀ ਛਵੀ ਨੂੰ ਨੁਕਸਾਨ ਪਹੁੰਚਾਉਣ ਵਾਲਾ ਕਰਾਰ ਦਿੱਤਾ ਸੀ।

KCA ਅਨੁਸਾਰ ਸ਼੍ਰੀਸੰਤ ਨੇ ਇਸ ਅਨੁਸ਼ਾਸਨਾਤਮਕ ਕਾਰਵਾਈ ਨੂੰ ਤਿਰੁਵਨੰਤਪੁਰਮ ਮੁਨਸਿਫ ਕੋਰਟ ਵਿੱਚ ਚੁਣੌਤੀ ਦਿੱਤੀ ਸੀ, ਪਰ ਉਨ੍ਹਾਂ ਦੀ ਪਟੀਸ਼ਨ ਰੱਦ ਹੋ ਗਈ। ਇਸ ਤੋਂ ਬਾਅਦ ਸ਼੍ਰੀਸੰਤ ਨੇ ਕੇਰਲ ਕ੍ਰਿਕਟ ਐਸੋਸੀਏਸ਼ਨ ਖ਼ਿਲਾਫ਼ ਕੀਤੀਆਂ ਟਿੱਪਣੀਆਂ ਲਈ ਬਿਨਾਂ ਕਿਸੇ ਸ਼ਰਤ ਦੇ ਲਿਖਤੀ ਮਾਫ਼ੀਨਾਮਾ ਸੌਂਪਿਆ ਅਤੇ ਆਪਣੇ ਬਿਆਨਾਂ ‘ਤੇ ਅਫ਼ਸੋਸ ਜਤਾਇਆ।

1 ਜੁਲਾਈ 2026 ਨੂੰ ਹੋਈ KCA ਦੀ ਸਪੈਸ਼ਲ ਜਨਰਲ ਬਾਡੀ ਮੀਟਿੰਗ ਵਿੱਚ ਉਨ੍ਹਾਂ ਦੇ ਮਾਫ਼ੀਨਾਮੇ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ਵਿੱਚ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਸ਼੍ਰੀਸੰਤ ‘ਤੇ ਲੱਗੀ ਤਿੰਨ ਸਾਲ ਦੀ ਪਾਬੰਦੀ ਹਟਾ ਦਿੱਤੀ ਜਾਵੇ।

ਹਾਲਾਂਕਿ KCA ਨੇ ਸ਼੍ਰੀਸੰਤ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਭਵਿੱਖ ਵਿੱਚ ਜੇਕਰ ਉਹ ਇਸ ਤਰ੍ਹਾਂ ਦਾ ਕੋਈ ਵਰਤਾਅ ਕਰਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਜਾਵੇਗੀ।

ਪਾਬੰਦੀ ਹਟਣ ਤੋਂ ਬਾਅਦ ਸ਼੍ਰੀਸੰਤ ਹੁਣ ਕੇਰਲ ਕ੍ਰਿਕਟ ਲੀਗ (KCL) ਦੇ ਸੀਜ਼ਨ-3 ਵਿੱਚ ਐਰੀਜ਼ ਕੋੱਲਮ ਸੇਲਰਜ਼ ਫ੍ਰੈਂਚਾਈਜ਼ੀ ਦੇ ਸਹਿ-ਮਾਲਕ (Co-owner) ਵਜੋਂ ਆਪਣੀ ਭੂਮਿਕਾ ਨਿਭਾ ਸਕਣਗੇ। KCA ਨੇ ਇਹ ਪਾਬੰਦੀ ਪਿਛਲੇ KCL ਸੀਜ਼ਨ ਤੋਂ ਪਹਿਲਾਂ ਲਗਾਈ ਸੀ।

ਅੰਤਰਰਾਸ਼ਟਰੀ ਕਰੀਅਰ

ਸ਼੍ਰੀਸੰਤ ਨੇ ਭਾਰਤ ਲਈ 27 ਟੈਸਟ, 53 ਵਨਡੇ ਅਤੇ 10 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਟੈਸਟ ਕ੍ਰਿਕਟ ਵਿੱਚ ਉਨ੍ਹਾਂ ਨੇ 87 ਵਿਕਟਾਂ ਆਪਣੇ ਨਾਮ ਕੀਤੀਆਂ, ਜਦਕਿ ਵਨਡੇ ਵਿੱਚ 75 ਅਤੇ ਟੀ-20 ਅੰਤਰਰਾਸ਼ਟਰੀ ਵਿੱਚ 7 ਵਿਕਟਾਂ ਹਾਸਲ ਕੀਤੀਆਂ।

ਘਰੇਲੂ ਕ੍ਰਿਕਟ ਵਿੱਚ ਵੀ ਸ਼੍ਰੀਸੰਤ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ। ਉਨ੍ਹਾਂ ਨੇ 74 ਪਹਿਲੀ ਸ਼੍ਰੇਣੀ ਮੈਚਾਂ ਵਿੱਚ 213 ਵਿਕਟਾਂ, 92 ਲਿਸਟ-ਏ ਮੈਚਾਂ ਵਿੱਚ 124 ਵਿਕਟਾਂ ਅਤੇ 65 ਟੀ-20 ਮੈਚਾਂ ਵਿੱਚ 54 ਵਿਕਟਾਂ ਹਾਸਲ ਕੀਤੀਆਂ ਹਨ।

By Gurpreet Singh

Leave a Reply

Your email address will not be published. Required fields are marked *