‘ਲਾਕਅੱਪ 2’ ‘ਚ ਰਾਮ ਕਪੂਰ ਦੇ ਵਿਵਹਾਰ ‘ਤੇ ਵਿਵਾਦ, ਵਾਇਰਲ ਵੀਡੀਓ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਹੋਈ ਟ੍ਰੋਲਿੰਗ

ਮੁੰਬਈ (ਲਖਵਿੰਦਰ ਸਿੰਘ) : ਓਟੀਟੀ ਦਾ ਚਰਚਿਤ ਰਿਐਲਿਟੀ ਸ਼ੋਅ ‘ਲਾਕਅੱਪ ਸੀਜ਼ਨ 2’ ਸ਼ੁਰੂ ਹੁੰਦੇ ਹੀ ਵਿਵਾਦਾਂ ਵਿੱਚ ਘਿਰ ਗਿਆ ਹੈ। 27 ਜੂਨ ਤੋਂ ਸਟ੍ਰੀਮ ਹੋ ਰਹੇ ਇਸ ਸ਼ੋਅ ਵਿੱਚ 15 ਮਸ਼ਹੂਰ ਸੈਲੀਬ੍ਰਿਟੀਆਂ ਨੂੰ ਪ੍ਰਤੀਯੋਗੀ ਵਜੋਂ ਸ਼ਾਮਲ ਕੀਤਾ ਗਿਆ ਹੈ। ਸ਼ੋਅ ਦੇ ਪਹਿਲੇ ਹੀ ਹਫ਼ਤੇ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਟੀਵੀ ਅਦਾਕਾਰ ਰਾਮ ਕਪੂਰ ਦੇ ਵਿਵਹਾਰ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ।

ਵਾਇਰਲ ਹੋ ਰਹੇ ਵੀਡੀਓ ਵਿੱਚ ਰਾਮ ਕਪੂਰ ਆਪਣੇ ਸਹਿ-ਪ੍ਰਤੀਯੋਗੀ ਵਰੁਣ ਯਾਦਵ, ਜੋ ਸੋਸ਼ਲ ਮੀਡੀਆ ‘ਤੇ ‘ਲੈਲਾ’ ਦੇ ਨਾਂ ਨਾਲ ਮਸ਼ਹੂਰ ਹਨ, ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। ਕਲਿੱਪ ਵਿੱਚ ਰਾਮ ਕਪੂਰ ਪਹਿਲਾਂ ਵਰੁਣ ਦੇ ਗਲੇ ਵਿੱਚ ਬਾਂਹ ਪਾਉਂਦੇ ਹਨ ਅਤੇ ਫਿਰ ਅਚਾਨਕ ਉਨ੍ਹਾਂ ਨੂੰ ਕਿਸ ਕਰਦੇ ਦਿਖਾਈ ਦਿੰਦੇ ਹਨ। ਇਸ ਦੌਰਾਨ ਘਰ ਦੇ ਹੋਰ ਮੈਂਬਰਾਂ ਦੇ ਨਾਲ-ਨਾਲ ਵਰੁਣ ਵੀ ਹੈਰਾਨ ਨਜ਼ਰ ਆਉਂਦੇ ਹਨ।

ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਈ ਯੂਜ਼ਰਾਂ ਨੇ ਇਸ ਘਟਨਾ ‘ਤੇ ਨਾਰਾਜ਼ਗੀ ਜਤਾਈ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਬਿਨਾਂ ਸਪੱਸ਼ਟ ਸਹਿਮਤੀ ਕਿਸੇ ਨੂੰ ਇਸ ਤਰ੍ਹਾਂ ਚੁੰਮਣਾ ਠੀਕ ਨਹੀਂ ਹੈ ਅਤੇ ਇਸ ਤਰ੍ਹਾਂ ਦੇ ਵਿਵਹਾਰ ਨੂੰ ਮਨੋਰੰਜਨ ਜਾਂ ਸ਼ੋਅ ਦਾ ਹਿੱਸਾ ਨਹੀਂ ਮੰਨਿਆ ਜਾ ਸਕਦਾ। ਦੂਜੇ ਪਾਸੇ, ਕੁਝ ਦਰਸ਼ਕ ਇਸ ਨੂੰ ਸ਼ੋਅ ਦੇ ਮਾਹੌਲ ਵਿੱਚ ਹੋਈ ਮਜ਼ਾਕੀਆ ਘਟਨਾ ਵੀ ਦੱਸ ਰਹੇ ਹਨ।

ਵਰੁਣ ਯਾਦਵ ਦਿੱਲੀ ਦੇ ਰਹਿਣ ਵਾਲੇ ਇੱਕ ਡਿਜ਼ਿਟਲ ਕੰਟੈਂਟ ਕ੍ਰੀਏਟਰ ਅਤੇ ਫਿਟਨੈੱਸ ਇੰਫਲੂਐਂਸਰ ਹਨ। ਉਹ ਆਪਣੇ ਕਾਮੇਡੀ ਅਤੇ ਫਲਰਟਿੰਗ ਵੀਡੀਓਜ਼ ਕਰਕੇ ਸੋਸ਼ਲ ਮੀਡੀਆ ‘ਤੇ ਕਾਫ਼ੀ ਲੋਕਪ੍ਰਿਯ ਹਨ।

ਹੁਣ ਦਰਸ਼ਕਾਂ ਦੀ ਨਜ਼ਰ ਸ਼ੋਅ ਦੇ ਆਉਣ ਵਾਲੇ ਵੀਕਐਂਡ ਐਪੀਸੋਡ ‘ਤੇ ਹੈ, ਜਿੱਥੇ ਹੋਸਟ ਫਰਾਹ ਖਾਨ ਅਤੇ ਰਿਤੇਸ਼ ਦੇਸ਼ਮੁਖ ਇਸ ਮਾਮਲੇ ‘ਤੇ ਕੀ ਰੁਖ ਅਪਣਾਉਂਦੇ ਹਨ। ਹਾਲਾਂਕਿ, ਇਸ ਘਟਨਾ ਨੂੰ ਲੈ ਕੇ ਸ਼ੋਅ ਦੇ ਨਿਰਮਾਤਾਵਾਂ ਜਾਂ ਰਾਮ ਕਪੂਰ ਵੱਲੋਂ ਅਜੇ ਤੱਕ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

By Gurpreet Singh

Leave a Reply

Your email address will not be published. Required fields are marked *