ਰਾਮ ਮੰਦਰ ਚੜ੍ਹਾਵਾ ਮਾਮਲਾ: ਦਾਨ ਦੀ ਗਿਣਤੀ ਦਾ ਬਦਲਿਆ ਸਿਸਟਮ, CEO ਦੀ ਨਿਯੁਕਤੀ ਲਈ ਤਿਆਰੀਆਂ ਤੇਜ਼

ਰਾਜੀਵ ਸ਼ਰਮਾ :- ਰਾਮ ਮੰਦਰ ਦੇ ਚੜ੍ਹਾਵੇ ਦੀ ਚੋਰੀ ਸਬੰਧੀ ਜਾਂਚ ਜਿਵੇਂ-ਜਿਵੇਂ ਅੱਗੇ ਵਧਦੀ ਜਾ ਰਹੀ ਹੈ, ਨਵੇਂ-ਨਵੇਂ ਖੁਲਾਸੇ ਸਾਹਮਣੇ ਆ ਰਹੇ ਹਨ। ਪੁਲਸ ਰਿਮਾਂਡ ’ਤੇ ਲਏ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਕਥਿਤ ਚੋਰੀ ਸਿਰਫ ਸ਼ਾਮ ਦੀ ਸ਼ਿਫਟ ਵੇਲੇ ਹੀ ਕੀਤੀ ਜਾਂਦੀ ਸੀ। ਇਸ ਦੌਰਾਨ ਹੁਣ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਨੇ ਦਾਨ ਦੀ ਗਿਣਤੀ ਦੇ ਸਿਸਟਮ ’ਚ ਵੱਡੀਆਂ ਤਬਦੀਲੀਆਂ ਕੀਤੀਆਂ ਹਨ। ਹੁਣ ਸਿੰਗਲ-ਸ਼ਿਫਟ ਪ੍ਰਣਾਲੀ ਲਾਗੂ ਕੀਤੀ ਗਈ ਹੈ। 

ਮੰਦਰ ਕੰਪਲੈਕਸ ਦੇ ਪ੍ਰਬੰਧਕੀ ਢਾਂਚੇ ਨੂੰ ਹੋਰ ਮਜ਼ਬੂਤ ​​ਕਰਨ ਲਈ ਟਰੱਸਟ ਨੇ ਸੀ. ਈ. ਓ. ਦੀ ਨਿਯੁਕਤੀ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਇਕ ਖੋਜ ਕਮੇਟੀ ਯੋਗਤਾ ਦੇ ਪੈਮਾਨੇ, ਚੋਣ ਪ੍ਰਕਿਰਿਆ ਤੇ ਅਰਜ਼ੀ ਦੇਣ ਦੀਆਂ ਲੋੜਾਂ ਤਿਆਰ ਕਰ ਰਹੀ ਹੈ। ਟਰੱਸਟ ਦਾ ਕਹਿਣਾ ਹੈ ਕਿ ਸੀ. ਈ. ਓ. ਦੀ ਨਿਯੁਕਤੀ ਪੂਰੀ ਤਰ੍ਹਾਂ ਟਰੱਸਟ ਦੇ ਅਧਿਕਾਰ ਖੇਤਰ ’ਚ ਹੈ। ਅੰਤਿਮ ਫੈਸਲਾ ਟਰੱਸਟ ਦੇ ਨਿਯਮਾਂ ਅਨੁਸਾਰ ਕੀਤਾ ਜਾਵੇਗਾ। ਪੁਲਸ ਅਨੁਸਾਰ ਪਹਿਲਾਂ ਮੰਦਰ ਦੇ ਚੜ੍ਹਾਵੇ ਨੂੰ 2 ਸ਼ਿਫਟਾਂ ’ਚ ਗਿਣਿਆ ਜਾਂਦਾ ਸੀ। ਪਹਿਲੀ ਸ਼ਿਫਟ ਸਵੇਰੇ 6 ਵਜੇ ਤੋਂ ਦੁਪਹਿਰ 2 ਵਜੇ ਤੱਕ ਤੇ ਦੂਜੀ ਸ਼ਿਫਟ ਦੁਪਹਿਰ 2 ਵਜੇ ਤੋਂ ਰਾਤ 9 ਵਜੇ ਤੱਕ ਚਲਦੀ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਕਥਿਤ ਚੋਰੀਆਂ ਸਿਰਫ਼ ਦੂਜੀ ਸ਼ਿਫਟ ਦੌਰਾਨ ਹੀ ਕੀਤੀਆਂ ਗਈਆਂ ਸਨ, ਕਿਉਂਕਿ ਉਸ ਸਮੇਂ ਚੋਰੀ ਨੂੰ ਅੰਜਾਮ ਦੇਣਾ ਤੁਲਨਾ ’ਚ ਸੌਖਾ ਸੀ।

ਰਿਮਾਂਡ ਦੌਰਾਨ ਅਵਿਨਾਸ਼ ਸ਼ੁਕਲਾ, ਅਨੁਕਲਪ ਮਿਸ਼ਰਾ, ਲਵਕੁਸ਼ ਮਿਸ਼ਰਾ ਤੇ ਕਰੁਣੇਸ਼ ਪਾਂਡੇ ਤੋਂ ਅਹਿਮ ਜਾਣਕਾਰੀ ਮਿਲੀ ਹੈ। ਪੁਲਸ ਦਾ ਦਾਅਵਾ ਹੈ ਕਿ ਅਵਿਨਾਸ਼ ਸ਼ੁਕਲਾ ਨੇ ਅਨੁਕਲਪ ਮਿਸ਼ਰਾ ਦੀ ਮਦਦ ਨਾਲ 50 ਤੋਂ ਵੱਧ ਵਾਰ ਚੜ੍ਹਾਵਾ ਚੋਰੀ ਕੀਤਾ। ਜਾਂਚ ਦੌਰਾਨ 5 ਦਿਨ ਅਜਿਹੇ ਵੀ ਸਾਹਮਣੇ ਆਏ ਹਨ ਜਦੋਂ ਇਕ ਹੀ ਦਿਨ ’ਚ 3-3 ਵਾਰ ਚੜ੍ਹਾਵਾ ਚੋਰੀ ਕੀਤਾ ਗਿਆ। ਚੜ੍ਹਾਵਾ ਹੁਣ 2 ਸ਼ਿਫਟਾਂ ਦੀ ਬਜਾਏ ਸਵੇਰੇ 9 ਤੋਂ ਸ਼ਾਮ 6 ਵਜੇ ਤੱਕ ਇਕ ਹੀ ਸ਼ਿਫਟ ’ਚ ਗਿਣਿਆ ਜਾਏਗਾ। ਨਵੀਂ ਪ੍ਰਣਾਲੀ ਲਾਗੂ ਹੋਣ ਤੋਂ ਬਾਅਦ ਗਿਣਤੀ ਦੇ ਕੰਮ ’ਚ ਸ਼ਾਮਲ ਕੁਝ ਮੁਲਾਜ਼ਮਾਂ ਨੇ ਅਸਤੀਫਾ ਦੇ ਦਿੱਤਾ ਹੈ। ਇਸ ਮਾਮਲੇ ’ਚ ਰਾਮਸ਼ੰਕਰ ਯਾਦਵ ਉਰਫ਼ ਟੀਨੂੰ ਤੇ ਸੁਭਾਸ਼ ਚੰਦਰ ਸ਼੍ਰੀਵਾਸਤਵ ਤੋਂ ਦੁਬਾਰਾ ਪੁੱਛਗਿੱਛ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਪੁਲਸ ਨੇ ਦੋਹਾਂ ਲਈ 7 ਦਿਨਾਂ ਦੀ ਹਿਰਾਸਤ ਦੀ ਮੰਗ ਕਰਦੇ ਹੋਏ ਅਦਾਲਤ ’ਚ ਪਟੀਸ਼ਨ ਦਾਇਰ ਕੀਤੀ ਹੈ, ਜਿਸ ਦੀ ਸੁਣਵਾਈ 14 ਜੁਲਾਈ ਨੂੰ ਹੋਣ ਦੀ ਉਮੀਦ ਹੈ।

ਰਾਮ ਕਥਾ ਅਜਾਇਬਘਰ 100 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ
ਇਸ ਦੌਰਾਨ ਲੱਗਭਗ 100 ਕਰੋੜ ਰੁਪਏ ਦੀ ਲਾਗਤ ਨਾਲ ਮੰਦਰ ਕੰਪਲੈਕਸ ਦੇ ਅੰਦਰ ਬਣਾਏ ਜਾਣ ਵਾਲੇ ਰਾਮ ਕਥਾ ਅਜਾਇਬਘਰ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਅਜਾਇਬਘਰ ਭਗਵਾਨ ਸ਼੍ਰੀ ਰਾਮ ਜੀ ਦੇ ਜੀਵਨ, ਉਨ੍ਹਾਂ ਦੇ ਜੰਗਲ ’ਚ ਰਹਿਣ, ਭਾਰਤੀ ਸੱਭਿਆਚਾਰ ਤੇ ਦੇਸ਼ ਦੀਆਂ ਨਦੀਆਂ ਨਾਲ ਸਬੰਧਤ ਘਟਨਾਵਾਂ ਨੂੰ ਆਧੁਨਿਕ ਤਕਨਾਲੋਜੀ ਦੀ ਵਰਤੋਂ ਨਾਲ ਪ੍ਰਦਰਸ਼ਿਤ ਕਰੇਗਾ। ਸ਼ਰਧਾਲੂਆਂ ਲਈ ਇਕ ਸਮਾਰਕ ਕੇਂਦਰ, ਰੈਸਟ ਰੂਮ ਤੇ ਹੋਰ ਆਧੁਨਿਕ ਸਹੂਲਤਾਂ ਵੀ ਵਿਕਸਤ ਕੀਤੀਆਂ ਜਾਣਗੀਆਂ। 

ਅਜਾਇਬਘਰ ’ਚ ਟਿਕਟ ਪ੍ਰਣਾਲੀ ਲਾਗੂ ਕੀਤੀ ਜਾਵੇਗੀ ਜਾਂ ਨਹੀਂ, ਇਸ ਬਾਰੇ ਅੰਤਿਮ ਫੈਸਲਾ 22 ਜੁਲਾਈ ਨੂੰ ਹੋਣ ਵਾਲੀ ਟਰੱਸਟ ਦੀ ਮੀਟਿੰਗ ’ਚ ਲਏ ਜਾਣ ਦੀ ਉਮੀਦ ਹੈ। ਟਰੱਸਟ ਦੇ ਚੇਅਰਮੈਨ ਨ੍ਰਿਪੇਂਦਰ ਮਿਸ਼ਰਾ ਨੇ ਸ਼ਰਧਾਲੂਆਂ ਦੀ ਗਿਣਤੀ ’ਚ ਕਮੀ ਦੀਆਂ ਰਿਪੋਰਟਾਂ ਨੂੰ ਰੱਦ ਕਰਦੇ ਹੋਏ ਕਿਹਾ ਕਿ ਵੱਡੀ ਗਿਣਤੀ ’ਚ ਸ਼ਰਧਾਲੂ ਰੋਜ਼ਾਨਾ ਦਰਸ਼ਨ ਲਈ ਆ ਰਹੇ ਹਨ। ਸਭ ਪ੍ਰਬੰਧ ਸੁਚਾਰੂ ਢੰਗ ਨਾਲ ਕੰਮ ਕਰ ਰਹੇ ਹਨ। 22 ਜੁਲਾਈ ਨੂੰ ਟਰੱਸਟ ਦੀ ਹੋਣ ਵਾਲੀ ਮੀਟਿੰਗ ’ਚ ਮੰਦਰ ਦੀ ਉਸਾਰੀ, ਪ੍ਰਬੰਧਕੀ ਵਿਵਸਥਾ, ਰਾਮ ਕਥਾ ਅਜਾਇਬਘਰ ਤੇ ਹੋਰ ਅਹਿਮ ਪ੍ਰਸਤਾਵਾਂ ’ਤੇ ਚਰਚਾ ਹੋਣ ਦੀ ਉਮੀਦ ਹੈ।

By Rajeev Sharma

Leave a Reply

Your email address will not be published. Required fields are marked *