ਸੈਫ ਅਲੀ ਖਾਨ ਤੇ ਹਮਲਾ ਕਰਨ ਵਾਲੇ ਨੇ ਕਬੂਲਿਆ ਆਪਣਾ ਗੁਨਾਹ

ਰਾਜੀਵ ਸ਼ਰਮਾ :- ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ‘ਤੇ ਹਮਲਾ ਕਰਨ ਵਾਲੇ ਨੇ ਮੁਲਜ਼ਮ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਹਮਲੇ ਦੇ ਮਾਮਲੇ ਵਿੱਚ ਮੁਲਜ਼ਮ ਮੁਹੰਮਦ ਸ਼ਰੀਫੁਲ ਇਸਲਾਮ ਨੇ ਆਪਣਾ ਜੁਰਮ ਕਬੂਲ ਕਰਨ ਲਈ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਹੈ। ਮੁਲਜ਼ਮ ਨੇ ਅਦਾਲਤ ਤੋਂ ਆਪਣੇ ਪ੍ਰਤੀ ਨਰਮੀ ਵਰਤਣ ਦੀ ਅਪੀਲ ਵੀ ਕੀਤੀ ਹੈ। ਉਸ ਦੇ ਵਕੀਲ ਵਿਪੁਲ ਦੁਸ਼ਿੰਗ ਨੇ ਇਸ ਦੀ ਪੁਸ਼ਟੀ ਕੀਤੀ ਹੈ। ਪੀਟੀਆਈ ਦੀ ਰਿਪੋਰਟ ਮੁਤਾਬਕ ਅਦਾਲਤ ਨੇ ਇਸ ਮਾਮਲੇ ਵਿੱਚ ਅਭਿਯੋਜਨ ਪੱਖ ਤੋਂ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ ਅਤੇ ਸੁਣਵਾਈ ਨੂੰ 11 ਸਤੰਬਰ ਤੱਕ ਮੁਲਤਵੀ ਕਰ ਦਿੱਤਾ ਹੈ।

ਦੱਸਿਆ ਜਾ ਰਿਹਾ ਹੈ ਕਿ 16 ਜਨਵਰੀ 2025 ਦੀ ਦੇਰ ਰਾਤ ਇੱਕ ਵਿਅਕਤੀ ਕਥਿਤ ਤੌਰ ‘ਤੇ ਲੁੱਟ ਦੀ ਨੀਅਤ ਨਾਲ ਸੈਫ ਅਲੀ ਖਾਨ ਦੇ ਘਰ ਵਿੱਚ ਦਾਖ਼ਲ ਹੋਇਆ ਸੀ। ਇਸ ਦੌਰਾਨ ਸੈਫ ‘ਤੇ ਚਾਕੂ ਨਾਲ ਹਮਲਾ ਕੀਤਾ ਗਿਆ ਸੀ। ਘਟਨਾ ਤੋਂ ਦੋ ਦਿਨ ਬਾਅਦ ਸ਼ਰੀਫੁਲ ਇਸਲਾਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹ ਉਦੋਂ ਤੋਂ ਨਿਆਂਇਕ ਹਿਰਾਸਤ ਵਿੱਚ ਹੈ।

ਇਸ ਮਹੀਨੇ ਦੀ ਸ਼ੁਰੂਆਤ ਵਿੱਚ ਐਡੀਸ਼ਨਲ ਸੈਸ਼ਨ ਜੱਜ ਜੀ.ਪੀ. ਦੇਸ਼ਮੁਖ ਨੇ ਸ਼ਰੀਫੁਲ ਇਸਲਾਮ ਖ਼ਿਲਾਫ਼ ਦੋਸ਼ ਤੈਅ ਕੀਤੇ ਸਨ। ਇਸ ਨਾਲ ਮਾਮਲੇ ਵਿੱਚ ਟ੍ਰਾਇਲ ਸ਼ੁਰੂ ਹੋਣ ਦਾ ਰਸਤਾ ਸਾਫ਼ ਹੋ ਗਿਆ ਸੀ। ਮੁਲਜ਼ਮ ‘ਤੇ ਭਾਰਤੀ ਨਿਆਂ ਸੰਹਿਤਾ (BNS) ਦੀਆਂ ਸਬੰਧਤ ਧਾਰਾਵਾਂ ਤਹਿਤ ਘਾਤਕ ਹਥਿਆਰ ਦੀ ਵਰਤੋਂ ਕਰਕੇ ਲੁੱਟ-ਖੋਹ, ਗੰਭੀਰ ਸੱਟ ਪਹੁੰਚਾਉਣ ਅਤੇ ਘਰ ਵਿੱਚ ਜ਼ਬਰਦਸਤੀ ਦਾਖ਼ਲ ਹੋਣ ਦੇ ਦੋਸ਼ ਲਗਾਏ ਗਏ ਹਨ। ਹਮਲੇ ਦੌਰਾਨ ਸੈਫ ਅਲੀ ਖਾਨ ਨੂੰ ਕਈ ਸੱਟਾਂ ਲੱਗੀਆਂ ਸਨ। ਰਿਪੋਰਟਾਂ ਮੁਤਾਬਕ ਉਨ੍ਹਾਂ ਦੇ ਪੇਟ ਵਿੱਚ ਚਾਕੂ ਦਾ ਇੱਕ ਟੁਕੜਾ ਫਸ ਗਿਆ ਸੀ, ਜਿਸ ਨੂੰ ਸਰਜਰੀ ਰਾਹੀਂ ਕੱਢਿਆ ਗਿਆ ਸੀ।

By Rajeev Sharma

Leave a Reply

Your email address will not be published. Required fields are marked *