ਮੋਹਾਲੀ ਬਾਰਡਰ ਤੇ ਅੱਜ ਤੋਂ ਕਿਸਾਨ ਲਾਉਣਗੇ ਪੱਕਾ ਮੋਰਚਾ

ਗੁਰਪ੍ਰੀਤ ਸਿੰਘ :- ਸੰਯੁਕਤ ਕਿਸਾਨ ਮੋਰਚਾ (SKM) ਪਾਣੀ ਅਤੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਸਮੇਤ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਅੱਜ ਤੋਂ ਚੰਡੀਗੜ੍ਹ-ਮੋਹਾਲੀ ਬਾਰਡਰ ’ਤੇ ਪੱਕਾ ਮੋਰਚਾ ਲਗਾਉਣ ਜਾ ਰਿਹਾ ਹੈ। ਇਹ ਮੋਰਚਾ 7 ਸਤੰਬਰ ਤੱਕ ਜਾਰੀ ਰਹੇਗਾ। ਇਸ ਦੌਰਾਨ ਕਿਸਾਨ ਸੈਕਟਰ 48-49 ਤੋਂ ਏਅਰਪੋਰਟ ਨੂੰ ਜਾਣ ਵਾਲੀ ਸੜਕ ਨੂੰ ਇੱਕ ਪਾਸੇ ਤੋਂ ਬੰਦ ਕਰਨਗੇ।

ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਚੰਡੀਗੜ੍ਹ ਬਾਰਡਰ ’ਤੇ SKM ਦਾ ਇਹ ਪਹਿਲਾ ਵੱਡਾ ਪ੍ਰਦਰਸ਼ਨ ਹੈ। ਦਿਨ-ਰਾਤ ਚੱਲਣ ਵਾਲੇ ਇਸ ਮੋਰਚੇ ਦੌਰਾਨ ਕਿਸਾਨਾਂ ਦੀਆਂ ਮੰਗਾਂ ’ਤੇ ਹਰ ਰੋਜ਼ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਰਾਜੇਵਾਲ ਨੇ ਕਿਹਾ ਕਿ ਉਹ ਮੰਗਲਵਾਰ ਸਵੇਰੇ ਚੰਡੀਗੜ੍ਹ ਪਹੁੰਚਣਗੇ, ਜਿਸ ਤੋਂ ਬਾਅਦ ਬਾਰਡਰ ’ਤੇ ਮੋਰਚਾ ਸ਼ੁਰੂ ਕੀਤਾ ਜਾਵੇਗਾ। ਕਿਸਾਨਾਂ ਦੀਆਂ ਮੁੱਖ ਮੰਗਾਂ ਵਿੱਚ ਪਾਣੀ ਨਾਲ ਸਬੰਧਤ ਪੁਰਾਣੇ ਸਮਝੌਤਿਆਂ ਨੂੰ ਰੱਦ ਕਰਨਾ ਵੀ ਸ਼ਾਮਲ ਹੈ।

ਸਰਕਾਰ ਨਾਲ ਗੱਲਬਾਤ ਲਈ ਤਿਆਰ ਕਿਸਾਨ
ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਗੱਲਬਾਤ ਲਈ ਸੱਦਾ ਦਿੱਤਾ ਜਾਂਦਾ ਹੈ ਤਾਂ ਉਹ ਇਸ ਲਈ ਪੂਰੀ ਤਰ੍ਹਾਂ ਤਿਆਰ ਹਨ। ਯੂਨੀਅਨ ਵੱਲੋਂ ਮੋਰਚੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਵਾਲੇ ਕਿਸਾਨ ਆਪਣੇ ਪੱਧਰ ’ਤੇ ਲੋੜੀਂਦੇ ਪ੍ਰਬੰਧ ਕਰਕੇ ਆਉਣਗੇ। ਕਿਸਾਨ ਆਪਣੇ ਨਾਲ ਲੰਗਰ ਲਈ ਸਾਰਾ ਜ਼ਰੂਰੀ ਸਮਾਨ ਵੀ ਲੈ ਕੇ ਪਹੁੰਚਣਗੇ ਅਤੇ ਧਰਨੇ ਵਾਲੀ ਥਾਂ ’ਤੇ ਹੀ ਲੰਗਰ ਤਿਆਰ ਕੀਤਾ ਜਾਵੇਗਾ। SKM ਨੇ ਕਿਹਾ ਹੈ ਕਿ ਮੋਰਚੇ ਦੌਰਾਨ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਆਵਾਜ਼ ਬੁਲੰਦ ਕਰਨਗੇ ਅਤੇ ਸਰਕਾਰ ਨਾਲ ਗੱਲਬਾਤ ਦਾ ਰਸਤਾ ਵੀ ਖੁੱਲ੍ਹਾ ਰੱਖਿਆ ਜਾਵੇਗਾ।

By Gurpreet Singh

Leave a Reply

Your email address will not be published. Required fields are marked *