ਰਾਜੀਵ ਸ਼ਰਮਾ :- ਪਾਕਿਸਤਾਨ ਦੇ ਸਿੱਖ ਭਾਈਚਾਰੇ ਨਾਲ ਸਬੰਧਤ ਪਹਿਲੇ ਟੈਲੀਵਿਜ਼ਨ ਐਂਕਰ ਅਤੇ ਪੱਤਰਕਾਰ ਵਜੋਂ ਪਛਾਣ ਬਣਾਉਣ ਵਾਲੇ ਹਰਮੀਤ ਸਿੰਘ ਦੇ ਡਿਜੀਟਲ ਸਟੂਡੀਓ ’ਤੇ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਹਰਮੀਤ ਸਿੰਘ ਨੇ ਇੱਕ ਵੀਡੀਓ ਜਾਰੀ ਕਰਕੇ ਦੋਸ਼ ਲਗਾਇਆ ਹੈ ਕਿ ਇਸਲਾਮਾਬਾਦ ਪੁਲਿਸ ਨੇ ਉਨ੍ਹਾਂ ਦੇ ਸਟੂਡੀਓ ’ਤੇ ਛਾਪਾ ਮਾਰ ਕੇ ਉੱਥੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਹਿਰਾਸਤ ਵਿੱਚ ਲਿਆ ਅਤੇ ਉਨ੍ਹਾਂ ਨਾਲ ਕਥਿਤ ਤੌਰ ’ਤੇ ਕੁੱਟਮਾਰ ਕੀਤੀ।
ਹਰਮੀਤ ਸਿੰਘ ਵੱਲੋਂ ਜਾਰੀ ਕੀਤੀ ਗਈ ਵੀਡੀਓ ਵਿੱਚ ਉਨ੍ਹਾਂ ਨੇ ਦਾਅਵਾ ਕੀਤਾ ਕਿ ਪੁਲਿਸ ਮੁਲਾਜ਼ਮ ਸਟੂਡੀਓ ਵਿੱਚੋਂ ਕੁਝ ਸਾਮਾਨ ਵੀ ਆਪਣੇ ਨਾਲ ਲੈ ਗਏ ਹਨ। ਉਨ੍ਹਾਂ ਮੁਤਾਬਕ ਇਸ ਕਾਰਵਾਈ ਕਾਰਨ ਉਨ੍ਹਾਂ ਦੇ ਡਿਜੀਟਲ ਪਲੇਟਫਾਰਮ ਦੇ ਕੰਮਕਾਜ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ।
ਹਰਮੀਤ ਸਿੰਘ ਨੇ ਪਾਕਿਸਤਾਨ ਸਰਕਾਰ, ਪੁਲਿਸ ਅਤੇ ਪ੍ਰਸ਼ਾਸਨ ’ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਟੈਲੀਵਿਜ਼ਨ ਤੋਂ ਬੈਨ ਲੱਗਣ ਅਤੇ ਉਨ੍ਹਾਂ ਦੀ ਨੌਕਰੀ ਖਤਮ ਹੋਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਜਮ੍ਹਾਂ ਪੂੰਜੀ ਲਗਾ ਕੇ ਇਹ ਡਿਜੀਟਲ ਸਟੂਡੀਓ ਸ਼ੁਰੂ ਕੀਤਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਕੋਲ ਨਾ ਤਾਂ ਨੌਕਰੀ ਬਚੀ ਹੈ ਅਤੇ ਨਾ ਹੀ ਪੱਤਰਕਾਰੀ ਜਾਰੀ ਰੱਖਣ ਲਈ ਲੋੜੀਂਦੇ ਸਾਧਨ। ਹਰਮੀਤ ਸਿੰਘ ਨੇ ਦਾਅਵਾ ਕੀਤਾ ਕਿ ਇਮਰਾਨ ਖਾਨ ਨਾਲ ਸਬੰਧਤ ਖ਼ਬਰਾਂ ਚਲਾਉਣ ਤੇ ਵੀ ਉਨ੍ਹਾਂ ਤੇ ਪਾਬੰਦੀ ਲਗਾਈ ਗਈ ਸੀ।
ਹਾਲਾਂਕਿ, ਹਰਮੀਤ ਸਿੰਘ ਵੱਲੋਂ ਲਗਾਏ ਗਏ ਇਨ੍ਹਾਂ ਦੋਸ਼ਾਂ ਤੇ ਇਸ ਮਾਮਲੇ ਵਿੱਚ ਪੁਲਿਸ ਜਾਂ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।
