ਗੁਰਪ੍ਰੀਤ ਸਿੰਘ :- ਜਲੰਧਰ ਵਿਚ ਸਥਿਤ ਜਲੰਧਰ ਹਾਈਟਸ-2 ਦੇ ਡੀ-ਬਲਾਕ ਦੀ 14 ਮੰਜ਼ਿਲਾ ਇਮਾਰਤ ਦੀ ਛੱਤ ਤੋਂ ਸ਼ੱਕੀ ਹਾਲਾਤਾਂ ਵਿਚ ਛਾਲ ਮਾਰ ਕੇ 24 ਸਾਲਾ ਨੌਜਵਾਨ ਲੜਕੀ ਨੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ ’ਤੇ ਪਹੁੰਚੀ ਥਾਣਾ ਸਦਰ ਪੁਲਸ ਨੇ ਲਾਸ਼ ਨੂੰ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਲੜਕੀ ਨੇ ਇਸ ਤਰ੍ਹਾਂ ਕਿਉਂ ਕੀਤਾ, ਇਸ ਦਾ ਕਾਰਨ ਅਜੇ ਸਪਸ਼ਟ ਨਹੀਂ ਹੋਇਆ। ਲੜਕੀ ਦੀ ਪਛਾਣ ਜੈਸਮੀਨ (24) ਵਜੋਂ ਹੋਈ ਹੈ। ਪੁਲਸ ਸੂਤਰਾਂ ਅਨੁਸਾਰ, ਜੈਸਮੀਨ ਆਈਪੀਐਸ ਅਧਿਕਾਰੀ ਕਰਮਵੀਰ ਸਿੰਘ ਚਹਲ ਦੀ ਧੀ ਸੀ। ਪੁਲਸ ਅਨੁਸਾਰ, ਜੈਸਮੀਨ ਨੇ ਪਾਲੀਟਿਕਸ ਵਿਚ ਮਾਸਟਰਜ਼ ਦੀ ਪੜ੍ਹਾਈ ਪੂਰੀ ਕੀਤੀ ਸੀ। ਕੁਝ ਸਮੇਂ ਤੋਂ ਉਹ ਮਾਨਸਿਕ ਤੌਰ ’ਤੇ ਪਰੇਸ਼ਾਨ ਚੱਲ ਰਹੀ ਸੀ। ਫਿਲਹਾਲ ਪੁਲਸ ਪਰਿਜਨਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਵਿਚ ਜੁਟੀ ਹੋਈ ਹੈ।
ਜਲੰਧਰ ਦੇ ਪੌਸ਼ ਇਲਾਕੇ ਵਿਚ ਸਥਿਤ ਜਲੰਧਰ ਹਾਈਟਸ-2 ਸੋਸਾਇਟੀ ਵਿਚ ਦੁਪਹਿਰ ਨੂੰ ਅਫ਼ਰਾ-ਤਫ਼ਰੀ ਦਾ ਮਾਹੌਲ ਬਣ ਗਿਆ ਸੀ। ਡੀ-ਬਲਾਕ ਦੀ ਛੱਤ ਤੋਂ ਅਚਾਨਕ ਲੜਕੀ ਹੇਠਾਂ ਆ ਡਿੱਗੀ। ਜ਼ੋਰਦਾਰ ਆਵਾਜ਼ ਸੁਣ ਕੇ ਆਸਪਾਸ ਦੇ ਲੋਕ ਤੁਰੰਤ ਮੌਕੇ ’ਤੇ ਪਹੁੰਚੇ।
