ਅੰਮ੍ਰਿਤਸਰ ਦੀ ਭਗਤਾਂਵਾਲਾ ਮੰਡੀ ‘ਚ ਝੋਨੇ ਦੀ ਬੰਪਰ ਆਮਦ, 1509 ਬਾਸਮਤੀ ਵੱਲ ਵਧਿਆ ਕਿਸਾਨਾਂ ਦਾ ਰੁਝਾਨ

ਗੁਰਪ੍ਰੀਤ ਸਿੰਘ :- ਅੰਮ੍ਰਿਤਸਰ ਦੀ ਭਗਤਾਂਵਾਲਾ ਦਾਣਾ ਮੰਡੀ ‘ਚ ਬਾਸਮਤੀ ਝੋਨੇ ਦੀ ਆਮਦ ਨੇ ਰਫ਼ਤਾਰ ਫੜ ਲਈ ਹੈ। ਸੀਜ਼ਨ ਸ਼ੁਰੂ ਹੋਏ ਹਾਲੇ ਕਰੀਬ 20 ਦਿਨ ਹੀ ਹੋਏ ਹਨ, ਪਰ ਹੁਣ ਤੱਕ ਮੰਡੀ ‘ਚ 20 ਲੱਖ ਤੋਂ ਵੱਧ ਬੋਰੀ ਝੋਨਾ ਪਹੁੰਚ ਚੁੱਕਾ ਹੈ। ਮਾਝੇ ‘ਚ ਬਾਸਮਤੀ ਦੀ ਸਭ ਤੋਂ ਵੱਡੀ ਆਮਦ ਵਾਲੀ ਇਸ ਮੰਡੀ ‘ਚ ਹੁਣ ਤੱਕ ਕੁੱਲ ਫ਼ਸਲ ‘ਚ ਕਰੀਬ 80 ਫ਼ੀਸਦੀ ਹਿੱਸਾ 1509 ਬਾਸਮਤੀ ਕਿਸਮ ਦਾ ਦੱਸਿਆ ਜਾ ਰਿਹਾ ਹੈ। 1509 ਬਾਸਮਤੀ ਦਾ ਭਾਅ ਇਸ ਸੀਜ਼ਨ ਦੌਰਾਨ 3800-4,000 ਦੇ ਕਰੀਬ ਚੱਲ ਰਿਹਾ ਹੈ। ਮੰਡੀ ‘ਚ ਬਾਸਮਤੀ ਦੇ ਭਾਅ ‘ਚ ਰੋਜ਼ਾਨਾ ਉਤਾਰ-ਚੜ੍ਹਾਅ ਆਉਣਾ ਸੁਭਾਵਿਕ ਮੰਨਿਆ ਜਾ ਰਿਹਾ ਹੈ।

ਹੜ੍ਹਾਂ ਤੋਂ ਬਾਅਦ ਕਿਸਾਨਾਂ ਨੂੰ ਚੰਗੇ ਝਾੜ ਦੀ ਉਮੀਦ

ਪਿਛਲੀਆਂ ਦੋ ਫ਼ਸਲਾਂ ਦੌਰਾਨ ਕਈ ਇਲਾਕਿਆਂ ‘ਚ ਘੱਟ ਝਾੜ ਨੇ ਕਿਸਾਨਾਂ ਨੂੰ ਨਿਰਾਸ਼ ਕੀਤਾ ਸੀ। ਇਸ ਵਾਰ ਫ਼ਸਲ ਦਾ ਝਾੜ ਚੰਗਾ ਰਹਿਣ ਕਾਰਨ ਕਿਸਾਨਾਂ ਦੇ ਚਿਹਰਿਆਂ ਤੇ ਮੁੜ ਰੌਣਕ ਨਜ਼ਰ ਆ ਰਹੀ ਹੈ। ਹੜ੍ਹਾਂ ਦੀ ਮਾਰ ਝੱਲਣ ਤੋਂ ਬਾਅਦ ਕਿਸਾਨਾਂ ਨੂੰ ਉਮੀਦ ਹੈ ਕਿ ਇਸ ਵਾਰ ਚੰਗੀ ਪੈਦਾਵਾਰ ਤੇ ਬਾਸਮਤੀ ਦੇ ਵਧੀਆ ਭਾਅ ਨਾਲ ਉਨ੍ਹਾਂ ਦੀ ਆਮਦਨ ‘ਚ ਸੁਧਾਰ ਹੋਵੇਗਾ।

ਮਾਹਿਰਾਂ ਮੁਤਾਬਕ ਇਸ ਵਾਰ ਕਿਸਾਨਾਂ ਦਾ ਰੁਝਾਨ ਵੀ 1509 ਬਾਸਮਤੀ ਵੱਲ ਵਧਿਆ ਹੈ। ਇਸ ਕਿਸਮ ਦਾ ਰਕਬਾ ਪਿਛਲੇ ਸਾਲ ਦੇ ਮੁਕਾਬਲੇ ਕਰੀਬ 50 ਹਜ਼ਾਰ ਹੈਕਟੇਅਰ ਵਧਿਆ ਹੈ। 1509 ਕਿਸਮ ਦੀ ਇੱਕ ਹੋਰ ਖਾਸੀਅਤ ਇਹ ਹੈ ਕਿ ਇਹ ਲਗਭਗ 95 ਦਿਨਾਂ ‘ਚ ਤਿਆਰ ਹੋ ਜਾਂਦੀ ਹੈ, ਜਿਸ ਕਾਰਨ ਕਿਸਾਨ ਇਸ ਨੂੰ ਤਰਜੀਹ ਦੇ ਰਹੇ ਹਨ।

ਉਤਪਾਦਨ 30 ਤੋਂ 35 ਲੱਖ ਮੀਟ੍ਰਿਕ ਟਨ ਤੱਕ ਪਹੁੰਚਣ ਦੀ ਉਮੀਦ

ਪਿਛਲੇ ਸਾਲ ਬਾਸਮਤੀ ਦਾ ਉਤਪਾਦਨ ਕਰੀਬ 23.09 ਲੱਖ ਮੀਟ੍ਰਿਕ ਟਨ ਰਿਹਾ ਸੀ। ਇਸ ਵਾਰ ਬਾਸਮਤੀ ਦਾ ਰਕਬਾ ਵਧਣ ਤੇ ਫ਼ਸਲ ਦੀ ਸਥਿਤੀ ਬਿਹਤਰ ਹੋਣ ਕਾਰਨ ਉਤਪਾਦਨ 30 ਤੋਂ 35 ਲੱਖ ਮੀਟ੍ਰਿਕ ਟਨ ਤੱਕ ਪਹੁੰਚਣ ਦੀ ਉਮੀਦ ਜਤਾਈ ਜਾ ਰਹੀ ਹੈ। ਭਗਤਾਂਵਾਲਾ ਮੰਡੀ ਪੰਜਾਬ ‘ਚ ਬਾਸਮਤੀ ਦੀ ਸਭ ਤੋਂ ਵੱਡੀ ਖਰੀਦ ਵਾਲੀਆਂ ਮੰਡੀਆਂ ‘ਚੋਂ ਇੱਕ ਹੈ। ਇਸ ਕਾਰਨ ਸੀਜ਼ਨ ਦੌਰਾਨ ਇੱਥੇ ਵੱਡੀ ਗਿਣਤੀ ‘ਚ ਕਿਸਾਨ ਆਪਣੀ ਫ਼ਸਲ ਲੈ ਕੇ ਪਹੁੰਚਦੇ ਹਨ।

ਮੰਡੀ ‘ਚ ਸਹੂਲਤਾਂ ਦੀ ਘਾਟ

ਇੱਕ ਪਾਸੇ ਮੰਡੀ ‘ਚ ਝੋਨੇ ਦੀ ਬੰਪਰ ਆਮਦ ਹੋ ਰਹੀ ਹੈ, ਉੱਥੇ ਹੀ ਦੂਜੇ ਪਾਸੇ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਕਿਸਾਨਾਂ, ਮਜ਼ਦੂਰਾਂ ਤੇ ਆੜ੍ਹਤੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਸਰਕਾਰੀ ਖਰੀਦ ਵੀ 1 ਅਕਤੂਬਰ ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਅਜਿਹੇ ‘ਚ ਆਉਣ ਵਾਲੇ ਦਿਨਾਂ ਦੌਰਾਨ ਮੰਡੀ ‘ਚ ਫ਼ਸਲ ਦੀ ਆਮਦ ਹੋਰ ਵਧਣ ਦੀ ਸੰਭਾਵਨਾ ਹੈ।

By Gurpreet Singh

Leave a Reply

Your email address will not be published. Required fields are marked *