‘ਆਪ’ ਵਿਧਾਇਕਾ ਨੇ ਟਰੱਕ ਡਰਾਈਵਰ ਨੂੰ ਮਾਰਿਆ ਥੱਪੜ, ਵੀਡੀਓ ਵਾਇਰਲ!

ਗੁਰਪ੍ਰੀਤ ਸਿੰਘ :- ਲੁਧਿਆਣਾ ਵਿੱਚ ਆਮ ਆਦਮੀ ਪਾਰਟੀ ਦੀ ਦੱਖਣੀ ਹਲਕੇ ਤੋਂ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਵੱਲੋਂ ਇੱਕ ਟਰੱਕ ਡਰਾਈਵਰ ਨੂੰ ਥੱਪੜ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਡਰਾਈਵਰ ਨੇ ਵਿਧਾਇਕਾ ਖ਼ਿਲਾਫ਼ ਥਾਣਾ ਡਾਬਾ ਵਿੱਚ ਸ਼ਿਕਾਇਤ ਵੀ ਦਿੱਤੀ ਹੈ।

ਜਾਣਕਾਰੀ ਮੁਤਾਬਕ ਘਟਨਾ ਸੋਮਵਾਰ ਦੁਪਹਿਰ ਬਾਅਦ ਡਾਬਾ ਰੋਡ ’ਤੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਇੱਕ ਟਰੱਕ ਸੜਕ ’ਤੇ ਜਾ ਰਿਹਾ ਸੀ ਅਤੇ ਉਸ ਦੇ ਪਿੱਛੇ ਵਿਧਾਇਕਾ ਦੀ ਗੱਡੀ ਆ ਰਹੀ ਸੀ। ਟਰੱਕ ਵੱਲੋਂ ਸਾਈਡ ਨਾ ਦਿੱਤੇ ਜਾਣ ਕਾਰਨ ਵਿਧਾਇਕਾ ਦੀ ਗੱਡੀ ਦੇ ਡਰਾਈਵਰ ਨੇ ਕਥਿਤ ਤੌਰ ’ਤੇ ਹਾਰਨ ਅਤੇ ਹੂਟਰ ਵਜਾਇਆ, ਪਰ ਟਰੱਕ ਨੇ ਰਸਤਾ ਨਹੀਂ ਦਿੱਤਾ। ਇਸ ਤੋਂ ਬਾਅਦ ਵਿਧਾਇਕਾ ਗੱਡੀ ਵਿੱਚੋਂ ਉਤਰ ਕੇ ਗਨਮੈਨ ਸਮੇਤ ਟਰੱਕ ਕੋਲ ਪਹੁੰਚੀ। ਦੋਸ਼ ਹਨ ਕਿ ਇਸ ਦੌਰਾਨ ਹੀ ਵਿਧਾਇਕਾ ਵੱਲੋਂ ਡਰਾਈਵਰ ਨੂੰ ਥੱਪੜ ਮਾਰ ਦਿੱਤਾ ਗਿਆ।

ਟਰੱਕ ਡਰਾਈਵਰ ਦਾ ਕਹਿਣਾ ਹੈ ਕਿ ਉਸ ਨੂੰ ਪਤਾ ਨਹੀਂ ਲੱਗਿਆ ਕਿ ਪਿੱਛੇ ਵਿਧਾਇਕਾ ਦੀ ਗੱਡੀ ਆ ਰਹੀ ਸੀ। ਉਸ ਮੁਤਾਬਕ ਵਿਧਾਇਕਾ ਨੇ ਗੱਡੀ ਤੋਂ ਉਤਰਦੇ ਹੀ ਉਸ ਨੂੰ ਕਥਿਤ ਤੌਰ ’ਤੇ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਬਾਅਦ ਵਿੱਚ ਥੱਪੜ ਮਾਰ ਦਿੱਤਾ। ਡਰਾਈਵਰ ਅਤੇ ਉਸ ਦੇ ਸਾਥੀਆਂ ਨੇ ਦੇਰ ਸ਼ਾਮ ਵਿਧਾਇਕਾ ਖ਼ਿਲਾਫ਼ ਰੋਸ ਪ੍ਰਦਰਸ਼ਨ ਵੀ ਕੀਤਾ। ਡਰਾਈਵਰ ਵੱਲੋਂ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਡਾਬਾ ਵਿੱਚ ਦਰਜ ਕਰਵਾਈ ਗਈ ਹੈ। ਹਾਲਾਂਕਿ ਘਟਨਾ ਦੇ ਪੂਰੇ ਕਾਰਨਾਂ ਅਤੇ ਦੋਵਾਂ ਧਿਰਾਂ ਦੇ ਦਾਅਵਿਆਂ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

By Gurpreet Singh

Leave a Reply

Your email address will not be published. Required fields are marked *