ਗੁਰਪ੍ਰੀਤ ਸਿੰਘ :- ਪਟਿਆਲਾ ਦੇ ਪੌਸ਼ ਇਲਾਕੇ ਅਰਬਨ ਅਸਟੇਟ ਵਿੱਚ ਅੱਜ ਸਵੇਰੇ ਉਸ ਸਮੇਂ ਤਰਥੱਲੀ ਮਚ ਗਈ, ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ ਦੋ ਵੱਖ-ਵੱਖ ਥਾਵਾਂ ‘ਤੇ ਅਚਾਨਕ ਛਾਪੇਮਾਰੀ ਕੀਤੀ। ਇਹ ਕਾਰਵਾਈ ਮੁੱਖ ਤੌਰ ‘ਤੇ ਅਰਬਨ ਅਸਟੇਟ ਫੇਜ਼-2 ਸਥਿਤ ਸ਼ੋਰੂਮ ਵਿੱਚ ਚੱਲ ਰਹੇ ਡੀ ਐਮ ਵੈੱਬ ਸਲਿਊਸ਼ਨ’ ਨਾਂ ਦੇ ਦਫ਼ਤਰ ‘ਤੇ ਕੇਂਦਰਿਤ ਰਹੀ।
ਸੂਤਰਾਂ ਅਨੁਸਾਰ ਕੇਂਦਰੀ ਜਾਂਚ ਏਜੰਸੀ ਦੇ ਅਧਿਕਾਰੀ ਦੋ ਗੱਡੀਆਂ ਵਿੱਚ ਸਵਾਰ ਹੋ ਕੇ ਤੜਕ ਸਵੇਰੇ ਹੀ ਮੌਕੇ ‘ਤੇ ਪਹੁੰਚ ਗਏ। ਇਮਾਰਤ ਵਿੱਚ ਦਾਖਲ ਹੁੰਦਿਆਂ ਹੀ ਟੀਮ ਨੇ ਪੂਰੇ ਇਲਾਕੇ ਨੂੰ ਆਪਣੇ ਘੇਰੇ ਵਿੱਚ ਲੈ ਲਿਆ ਅਤੇ ਅੰਦਰ ਆਉਣ-ਜਾਣ ਵਾਲਿਆਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ। ਸਥਾਨਕ ਲੋਕਾਂ ਅਤੇ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਆਈ.ਟੀ. ਕੰਪਨੀ ਦੇ ਨਾਂ ਹੇਠ ਇੱਥੇ ਇੱਕ ਵੱਡਾ ਕਾਲ ਸੈਂਟਰ ਚਲਾਇਆ ਜਾ ਰਿਹਾ ਸੀ, ਜੋ ਦਿਨ-ਰਾਤ ਲਗਾਤਾਰ ਸਰਗਰਮ ਰਹਿੰਦਾ ਸੀ।
ਜਾਂਚ ਏਜੰਸੀ ਨੂੰ ਸ਼ੱਕ ਹੈ ਕਿ ਇਸ ਕਾਲ ਸੈਂਟਰ ਦੀ ਆੜ ਵਿੱਚ ਵੱਡੇ ਪੱਧਰ ‘ਤੇ ਵਿਦੇਸ਼ੀ ਨਾਗਰਿਕਾਂ ਨਾਲ ਧੋਖਾਧੜੀ ਜਾਂ ਗੈਰ-ਕਾਨੂੰਨੀ ਵਿੱਤੀ ਲੈਣ-ਦੇਣ ਕੀਤਾ ਜਾ ਰਿਹਾ ਸੀ। ਈਡੀ ਦੀ ਟੀਮ ਵੱਲੋਂ ਦਫ਼ਤਰ ਅੰਦਰ ਮੌਜੂਦ ਕੰਪਿਊਟਰ ਸਿਸਟਮ, ਲੈਪਟਾਪ, ਹਾਰਡ ਡਿਸਕਾਂ ਅਤੇ ਵਿੱਤੀ ਖਾਤਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਛਾਪੇਮਾਰੀ ਦੌਰਾਨ ਉੱਥੇ ਮੌਜੂਦ ਮੁਲਾਜ਼ਮਾਂ ਦੇ ਮੋਬਾਈਲ ਫ਼ੋਨ ਜ਼ਬਤ ਕਰ ਲਏ ਗਏ ਹਨ ਅਤੇ ਉਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ। ਅਧਿਕਾਰੀਆਂ ਨੇ ਇਸ ਕਾਲ ਸੈਂਟਰ ਦੇ ਸੰਚਾਲਕਾਂ ਅਤੇ ਨਿਵੇਸ਼ਕਾਂ ਬਾਰੇ ਰਿਕਾਰਡ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਜਾਂਚ ਏਜੰਸੀ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ, ਪਰ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਕਈ ਵੱਡੇ ਖੁਲਾਸੇ ਹੋ ਸਕਦੇ ਹਨ।
ਅਕਾਲੀ ਨੇਤਾ ਬਿਕਰਮ ਮਜੀਠੀਆ ਨੇ ਐਕਸ ’ਤੇ ਚੁੱਕੇ ਸਵਾਲ
ED ਵੱਲੋਂ ਮੁਹਾਲੀ ਅਤੇ ਪਟਿਆਲਾ ਵਿੱਚ ਕੀਤੀ ਜਾ ਰਹੀ ਕਾਰਵਾਈ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਮਜੀਠੀਆ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਪੋਸਟ ਕਰਕੇ ਪੰਜਾਬ ਸਰਕਾਰ ’ਤੇ ਨਿਸ਼ਾਨਾ ਸਾਧਿਆ ਹੈ।
ਪੋਸਟ ਵਿੱਚ ED ਦੀਆਂ ਦੋਵੇਂ ਥਾਵਾਂ ’ਤੇ ਚੱਲ ਰਹੀ ਕਾਰਵਾਈ ਦਾ ਜ਼ਿਕਰ ਕਰਦਿਆਂ ਸਰਕਾਰ ਦੀ ਕਾਰਜਪ੍ਰਣਾਲੀ ’ਤੇ ਸਵਾਲ ਚੁੱਕੇ ਗਏ ਹਨ। ਨੇਤਾ ਨੇ ਪਟਿਆਲਾ ਵਿੱਚ ਚੱਲ ਰਹੀ ਕਾਰਵਾਈ ਨੂੰ ਕਥਿਤ ਫਰਜ਼ੀਵਾੜੇ ਅਤੇ ਕਾਲ ਸੈਂਟਰ ਨਾਲ ਜੋੜਦਿਆਂ ਕਈ ਦੋਸ਼ ਲਗਾਏ ਹਨ। ਹਾਲਾਂਕਿ, ਇਨ੍ਹਾਂ ਦੋਸ਼ਾਂ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਹੋਈ ਹੈ।
