ਗੁਰਪ੍ਰੀਤ ਸਿੰਘ :- ਸ਼ਹਿਰ ਦੇ ਇੱਕ ਪ੍ਰਸਿੱਧ ਕਾਲਜ ਵਿੱਚ ਪੰਜਾਬੀ ਗਾਇਕ ਨਿੱਜਰ ਉਰਫ਼ ਹਰਿੰਦਰ ਪਾਲ ਸਿੰਘ ਵੱਲੋਂ ਗੀਤ ਦੀ ਸ਼ੂਟਿੰਗ ਦੌਰਾਨ ਗਨ ਕਲਚਰ ਨੂੰ ਕਥਿਤ ਤੌਰ ’ਤੇ ਉਤਸ਼ਾਹਿਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਕੈਮਿਸਟਰੀ ਗੁਰੂ ਪ੍ਰੋ. ਐੱਮਪੀ ਸਿੰਘ ਨੇ ਇਸ ਸਬੰਧੀ ਡੀਸੀ ਵਰਜੀਤ ਸਿੰਘ ਵਾਲੀਆ ਅਤੇ ਕਾਲਜ ਪ੍ਰਬੰਧਨ ਨੂੰ ਈ-ਮੇਲ ਰਾਹੀਂ ਸ਼ਿਕਾਇਤ ਦਿੱਤੀ। ਏਡੀਸੀਪੀ-1 ਮੁਖਤਿਆਰ ਰਾਏ ਨੇ ਦੱਸਿਆ ਕਿ ਇੰਟਰਨੈੱਟ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਗਾਇਕ ਹਰਿੰਦਰ ਪਾਲ ਸਿੰਘ ਨਿੱਜਰ ਇੱਕ ਕਾਲਜ ਵਿੱਚ ਗੀਤ ਦੀ ਸ਼ੂਟਿੰਗ ਕਰਦਾ ਦਿਖਾਈ ਦੇ ਰਿਹਾ ਹੈ।
ਆਰਮਜ਼ ਐਕਟ ਤਹਿਤ ਕੇਸ ਦਰਜ
ਵੀਡੀਓ ਵਿੱਚ ਉਹ ਅਤੇ ਉਸ ਦੇ ਸਾਥੀ ਕਥਿਤ ਤੌਰ ’ਤੇ ਹਥਿਆਰ ਦਿਖਾਉਂਦੇ ਹੋਏ ਨਜ਼ਰ ਆ ਰਹੇ ਹਨ। ਥਾਣਾ ਨੰਬਰ ਇੱਕ ਵਿੱਚ ਬੀਐੱਨਐੱਸ ਦੀ ਧਾਰਾ 223 ਅਤੇ 190 ਦੇ ਨਾਲ-ਨਾਲ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਜਨਤਕ ਤੌਰ ’ਤੇ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਵਾਲੇ ਕਿਸੇ ਵੀ ਵਿਅਕਤੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਦੂਜੇ ਪਾਸੇ ਸ਼ਿਕਾਇਤਕਰਤਾ ਪ੍ਰੋ. ਐੱਮਪੀ ਸਿੰਘ ਦਾ ਕਹਿਣਾ ਹੈ ਕਿ ਇਹ ਇੱਕ ਪ੍ਰਸਿੱਧ ਕਾਲਜ ਹੈ ਅਤੇ ਇੱਥੋਂ ਕਈ ਨਾਮੀ ਸੂਫ਼ੀ ਅਤੇ ਗ਼ਜ਼ਲ ਗਾਇਕ ਨਿਕਲੇ ਹਨ। ਅਜਿਹੇ ਵਿੱਚ ਇਸ ਸਥਾਨ ’ਤੇ ਆ ਕੇ ਗੀਤਾਂ ਰਾਹੀਂ ਗਨ ਕਲਚਰ ਨੂੰ ਉਤਸ਼ਾਹਿਤ ਕਰਨਾ ਗਲਤ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਗੋਲੀ ਚੱਲ ਜਾਵੇ ਤਾਂ ਕੀ ਹੋਵੇਗਾ।
