ਕੈਨੇਡਾ ਸਰਕਾਰ ਦੀ ਚਿਤਾਵਨੀ, ਵਿਆਹ ਰਾਹੀਂ ਪੀਆਰ ਲੈਣ ਦੀ ਕੋਸ਼ਿਸ਼ ਪੈ ਸਕਦੀ ਹੈ ਭਾਰੀ

ਰਾਜੀਵ ਸ਼ਰਮਾ :- ਕੈਨੇਡਾ ਸਰਕਾਰ ਨੇ ਇਮੀਗ੍ਰੇਸ਼ਨ ਅਤੇ ਵੀਜ਼ਾ ਨਿਯਮਾਂ ਦੀ ਸਖ਼ਤੀ ਵਿਚਾਲੇ ਵਿਆਹ ਰਾਹੀਂ ਧੋਖਾਧੜੀ ਕਰਕੇ ਕੈਨੇਡਾ ਦੀ ਪੱਕੀ ਰਿਹਾਇਸ਼ (ਪੀਆਰ) ਹਾਸਲ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ। ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਨੇ ਆਪਣੇ ਨਾਗਰਿਕਾਂ, ਪੱਕੇ ਵਸਨੀਕਾਂ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਕਿਹਾ ਹੈ ਕਿ ਸਿਰਫ਼ ਇਮੀਗ੍ਰੇਸ਼ਨ ਜਾਂ ਪੀਆਰ ਹਾਸਲ ਕਰਨ ਦੇ ਮਕਸਦ ਨਾਲ ਕੀਤਾ ਗਿਆ ਝੂਠਾ ਜਾਂ ਦਿਖਾਵਟੀ ਵਿਆਹ ਗੰਭੀਰ ਕਾਨੂੰਨੀ ਕਾਰਵਾਈ ਦਾ ਕਾਰਨ ਬਣ ਸਕਦਾ ਹੈ।

ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਕਿਸੇ ਵਿਅਕਤੀ ਨੂੰ ਕੈਨੇਡਾ ਲਿਆਉਣ ਲਈ ਜੀਵਨ ਸਾਥੀ ਵਜੋਂ ਸਪਾਂਸਰ ਕਰਨ ਤੋਂ ਪਹਿਲਾਂ ਉਸ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਹਾਸਲ ਕਰ ਲੈਣ। ਖਾਸ ਤੌਰ ’ਤੇ ਉਸ ਵੇਲੇ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ, ਜਦੋਂ ਕਿਸੇ ਵਿਅਕਤੀ ਨਾਲ ਹਾਲ ਹੀ ’ਚ ਜਾਣ-ਪਛਾਣ ਹੋਈ ਹੋਵੇ, ਉਹ ਜਲਦ ਵਿਆਹ ਕਰਨ ਲਈ ਦਬਾਅ ਪਾ ਰਿਹਾ ਹੋਵੇ ਜਾਂ ਉਸ ਦੇ ਪਿਛਲੇ ਵਿਆਹਾਂ ਅਤੇ ਰਿਸ਼ਤਿਆਂ ਬਾਰੇ ਸ਼ੱਕ ਹੋਵੇ। ਸਰਕਾਰ ਮੁਤਾਬਕ ਝੂਠੇ ਵਿਆਹ ਦੇ ਆਧਾਰ ’ਤੇ ਕਿਸੇ ਨੂੰ ਸਪਾਂਸਰ ਕਰਨ ਵਾਲੇ ਵਿਅਕਤੀ ਖ਼ਿਲਾਫ਼ ਅਪਰਾਧਿਕ ਮਾਮਲਾ ਵੀ ਦਰਜ ਹੋ ਸਕਦਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਵੀ ਅਜਿਹੇ ਫਰਜ਼ੀ ਰਿਸ਼ਤਿਆਂ ਅਤੇ ਕਾਗਜ਼ੀ ਵਿਆਹਾਂ ਦੀ ਪਛਾਣ ਕਰਨ ਲਈ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ। ਅਧਿਕਾਰੀ ਦਸਤਾਵੇਜ਼ਾਂ ਦੀ ਜਾਂਚ ਦੇ ਨਾਲ-ਨਾਲ ਇੰਟਰਵਿਊ ਰਾਹੀਂ ਵੀ ਇਹ ਪਤਾ ਲਗਾਉਂਦੇ ਹਨ ਕਿ ਵਿਆਹ ਅਸਲ ਹੈ ਜਾਂ ਸਿਰਫ਼ ਇਮੀਗ੍ਰੇਸ਼ਨ ਹਾਸਲ ਕਰਨ ਲਈ ਕੀਤਾ ਗਿਆ ਹੈ। ਕੈਨੇਡਾ ਸਰਕਾਰ ਵੱਲੋਂ ਇਹ ਚਿਤਾਵਨੀ ਅਜਿਹੇ ਸਮੇਂ ਜਾਰੀ ਕੀਤੀ ਗਈ ਹੈ ਜਦੋਂ ਕਥਿਤ ਤੌਰ ’ਤੇ ਪੀਆਰ ਜਾਂ ਵਿਦੇਸ਼ ਜਾਣ ਲਈ ਸਮਝੌਤੇ ਤਹਿਤ ਕੀਤੇ ਜਾਣ ਵਾਲੇ ਵਿਆਹਾਂ ਨੂੰ ਲੈ ਕੇ ਚਿੰਤਾ ਵਧ ਰਹੀ ਹੈ। ਅਜਿਹੇ ਮਾਮਲਿਆਂ ’ਚ ਕਈ ਵਾਰ ਇਕ ਵਿਅਕਤੀ ਦੂਜੇ ਦੀ ਪੜ੍ਹਾਈ ਅਤੇ ਵਿਦੇਸ਼ ਜਾਣ ਦਾ ਖਰਚਾ ਚੁੱਕਦਾ ਹੈ ਅਤੇ ਬਾਅਦ ’ਚ ਜੀਵਨ ਸਾਥੀ ਦੇ ਵੀਜ਼ੇ ਰਾਹੀਂ ਵਿਦੇਸ਼ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਘਰੇਲੂ ਹਿੰਸਾ ਦਾ ਸਾਹਮਣਾ ਕਰ ਰਹੇ ਜੀਵਨ ਸਾਥੀਆਂ ਨੂੰ ਕਾਨੂੰਨੀ ਮਦਦ ਲੈਣ ਦਾ ਹੱਕ ਹੈ ਅਤੇ ਮਦਦ ਲੈਣ ਕਾਰਨ ਉਨ੍ਹਾਂ ਦਾ ਇਮੀਗ੍ਰੇਸ਼ਨ ਦਰਜਾ ਆਪਣੇ ਆਪ ਖ਼ਤਮ ਨਹੀਂ ਹੁੰਦਾ।

By Rajeev Sharma

Leave a Reply

Your email address will not be published. Required fields are marked *