ਗੁਰਪ੍ਰੀਤ ਸਿੰਘ :- ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮਾਨਸਾ ਵਿੱਚ ਨਸ਼ਾ-ਵਿਰੋਧੀ ਆਗੂ ਪਰਵਿੰਦਰ ਸਿੰਘ ਝੋਟਾ ਦੀ ਬੇਰਹਿਮੀ ਨਾਲ ਹੋਈ ਹੱਤਿਆ ਤੋਂ ਬਾਅਦ ਪੰਜਾਬ ਵਿੱਚ ਪੈਦਾ ਹੋਏ ਮੌਜੂਦਾ ਹਾਲਾਤ ਨੂੰ ਦੇਖਦਿਆਂ ਆਪਣੇ ਪੁੱਤਰ ਦੇ ਕੈਨੇਡਾ ਅਤੇ ਅਮਰੀਕਾ ਵਿੱਚ ਚੱਲ ਰਹੇ “ਸਾਈਨਡ ਟੂ ਗੌਡ” (Signed to God) ਹੋਲੋਗ੍ਰਾਮ ਟੂਰ ਦੇ ਬਾਕੀ ਸ਼ੋਅ ਮੁਲਤਵੀ ਕਰਨ ਦਾ ਵੱਡਾ ਫੈਸਲਾ ਲਿਆ ਹੈ।
ਸੋਸ਼ਲ ਮੀਡੀਆ ’ਤੇ ਇੱਕ ਪੋਸਟ ਸਾਂਝਾ ਕਰਦਿਆਂ ਬਲਕੌਰ ਸਿੰਘ ਨੇ ਸਪੱਸ਼ਟ ਕੀਤਾ ਕਿ ਪੰਜਾਬ ਵਿੱਚ ਬਣੇ ਤਣਾਅਪੂਰਨ ਮਾਹੌਲ ਅਤੇ ਝੋਟਾ ਦੇ ਕਤਲ ਵਿਰੁੱਧ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਇਹ ਟੂਰ ਰੋਕਿਆ ਜਾ ਰਹਾ ਹੈ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ, “ਸਾਡੇ ਲਈ ਸਾਡਾ ਪੰਜਾਬ ਸਭ ਤੋਂ ਪਹਿਲਾਂ ਹੈ।” ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਉਨ੍ਹਾਂ ਦਾ ਹਲਕਾ ਮਾਨਸਾ ਅਤੇ ਪੂਰਾ ਪੰਜਾਬ ਉਨ੍ਹਾਂ ਦੀ ਪਹਿਲੀ ਪ੍ਰਾਥਮਿਕਤਾ ਹੈ।
ਕੈਲਗਰੀ ਅਤੇ ਅਮਰੀਕਾ ਦੇ ਪ੍ਰਸ਼ੰਸਕਾਂ ਤੋਂ ਮਾਫ਼ੀ ਮੰਗਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਉਹ ਇਸ ਵਾਰ ਉਨ੍ਹਾਂ ਨੂੰ ਨਹੀਂ ਮਿਲ ਸਕਣਗੇ, ਪਰ ਵਾਅਦਾ ਕੀਤਾ ਕਿ ਉਹ ਜਲਦ ਹੀ ਸਿੱਧੂ ਮੂਸੇਵਾਲਾ ਦੇ ਸੰਗੀਤ ਦੀ ਬਿਹਤਰ ਪੇਸ਼ਕਾਰੀ ਨਾਲ ਦੋਬਾਰਾ ਵਾਪਸੀ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਟੋਰਾਂਟੋ ਅਤੇ ਵੈਨਕੂਵਰ ਵਿੱਚ ਮਿਲੇ ਅਥਾਹ ਪਿਆਰ ਲਈ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ, ਜਿੱਥੇ ਸਾਰੇ ਸ਼ੋਅ ਹਾਊਸਫੁੱਲ ਰਹੇ ਸਨ। ਇਹ ਸ਼ੋਅ ਪਹਿਲਾਂ ਹੀ ਹੋ ਚੁੱਕੇ ਹਨ, ਜਦੋਂਕਿ ਕੈਲਗਰੀ ਅਤੇ ਅਮਰੀਕਾ ਦੇ ਬਾਕੀ ਰਹਿੰਦੇ ਸ਼ੋਅ ਫਿਲਹਾਲ ਰੋਕ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ ਇਹ ਐਲਾਨ 13 ਅਕਤੂਬਰ ਨੂੰ ਮਾਨਸਾ ਦੇ ਇੱਕ ਮੈਡੀਕਲ ਸਟੋਰ ’ਤੇ ਨਸ਼ਾ-ਵਿਰੋਧੀ ਆਗੂ ਪਰਵਿੰਦਰ ਸਿੰਘ ਝੋਟਾ ਦੇ ਹੋਏ ਗੋਲੀਕਾਂਡ ਤੋਂ ਬਾਅਦ ਇਲਾਕੇ ਵਿੱਚ ਲਗਾਤਾਰ ਜਾਰੀ ਰੋਸ ਪ੍ਰਦਰਸ਼ਨਾਂ ਦਰਮਿਆਨ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਬਲਕੌਰ ਸਿੰਘ ਮਾਨਸਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਵੀ ਹਨ ਅਤੇ ਮਾਨਸਾ ਦੇ ਨੇੜਲੇ ਪਿੰਡ ਮੂਸਾ ਦੇ ਰਹਿਣ ਵਾਲੇ ਹਨ। ਪਿਛਲੇ ਕੁਝ ਦਿਨਾਂ ਤੋਂ ਬਲਕੌਰ ਸਿੰਘ, ਉਨ੍ਹਾਂ ਦੀ ਪਤਨੀ ਚਰਨ ਕੌਰ ਅਤੇ ਛੋਟਾ ਪੁੱਤਰ ਸ਼ੁਭਦੀਪ ਸਿੰਘ (ਨਿੱਕਾ ਸਿੱਧੂ) ਇਨ੍ਹਾਂ ਹੋਲੋਗ੍ਰਾਮ ਸ਼ੋਆਂ ਲਈ ਕੈਨੇਡਾ ਗਏ ਹੋਏ ਸਨ।
ਦੂਜੇ ਪਾਸੇ, ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੇ ਵੀ ਐਤਵਾਰ ਨੂੰ ਐਲਾਨ ਕੀਤਾ ਕਿ ਝੋਟਾ ਦੇ ਕਤਲ ਤੋਂ ਬਾਅਦ ਲੋਕਾਂ ਵਿੱਚ ਪੈਦਾ ਹੋਏ ਭਾਰੀ ਰੋਸ ਨੂੰ ਦੇਖਦਿਆਂ ਉਹ ਆਪਣੀ ਨਵੀਂ ਫਿਲਮ ‘ਥਾਪੀ’ ਦੀ ਸਕ੍ਰੀਨਿੰਗ ’ਤੇ ਰੋਕ ਲਗਾ ਰਹੀ ਹੈ। ਫੇਸਬੁੱਕ ’ਤੇ ਪੰਜਾਬੀ ਵਿੱਚ ਪੋਸਟ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ 16 ਅਕਤੂਬਰ ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਈ ਇਹ ਫਿਲਮ ਸੋਮਵਾਰ ਤੋਂ ਸਿਨੇਮਾਘਰਾਂ ਵਿੱਚ ਨਹੀਂ ਦਿਖਾਈ ਜਾਵੇਗੀ।
