ਨਵੀਂ ਦਿੱਲੀ (ਗੁਰਪ੍ਰੀਤ ਸਿੰਘ) : ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਇੱਕ ਵੀਡੀਓ ਜਾਰੀ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁੜ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਹੈ। ਲਗਪਗ 1 ਮਿੰਟ 50 ਸਕਿੰਟ ਦੇ ਇਸ ਵੀਡੀਓ ਵਿੱਚ ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਪਣੀ ਪਸੰਦ ਦਾ ਮੰਚ ਅਤੇ ਥਾਂ ਚੁਣ ਸਕਦੇ ਹਨ ਅਤੇ ਉਨ੍ਹਾਂ ਨਾਲ ਸਿੱਧੀ ਬਹਿਸ ਕਰ ਸਕਦੇ ਹਨ।
ਰਾਹੁਲ ਗਾਂਧੀ ਨੇ ਵੀਡੀਓ ਵਿੱਚ ਕਿਹਾ, “ਮੋਦੀ ਜੀ, 24 ਘੰਟੇ ਬੀਤ ਚੁੱਕੇ ਹਨ। ਮੈਂ ਤੁਹਾਨੂੰ ਇੱਕ ਚੁਣੌਤੀ ਦਿੱਤੀ ਸੀ। ਤੁਸੀਂ ਕਹਿੰਦੇ ਹੋ ਕਿ ਵਿਰੋਧੀ ਧਿਰ ਵਿੱਚ ‘ਦੇਸ਼ਧ੍ਰੋਹੀ’ ਹਨ। ਕੋਈ ਵੀ ਮੰਚ ਚੁਣ ਲਓ, ਥਾਂ ਤੁਸੀਂ ਤੈਅ ਕਰੋ ਅਤੇ ਮੇਰੇ ਨਾਲ ਬਹਿਸ ਕਰੋ।”
ਉਨ੍ਹਾਂ ਅੱਗੇ ਸਵਾਲ ਚੁੱਕਿਆ ਕਿ ਅਸਲ ਵਿੱਚ ਦੇਸ਼ਧ੍ਰੋਹੀ ਕੌਣ ਹੈ, ਵਿਦੇਸ਼ੀ ਤਾਕਤਾਂ ਨਾਲ ਕਿਸ ਦੇ ਸਬੰਧ ਹਨ ਅਤੇ ਇਨ੍ਹਾਂ ਸਬੰਧਾਂ ਦੀ ਪ੍ਰਕਿਰਤੀ ਕੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਇਨ੍ਹਾਂ ਮੁੱਦਿਆਂ ’ਤੇ ਜਲਦੀ ਚਰਚਾ ਕਰਨ ਦਾ ਸੱਦਾ ਦਿੱਤਾ।
ਅਮਰੀਕੀ ਸਮਝੌਤੇ ਅਤੇ ਅਡਾਨੀ ਮਾਮਲੇ ’ਤੇ ਵੀ ਚਰਚਾ ਦੀ ਮੰਗ
ਰਾਹੁਲ ਗਾਂਧੀ ਨੇ ਵੀਡੀਓ ਵਿੱਚ ਵਿੱਤੀ ਪ੍ਰਬੰਧਾਂ ਅਤੇ ਢਾਂਚੇ ਨਾਲ ਜੁੜੇ ਸਵਾਲ ਵੀ ਉਠਾਏ। ਉਨ੍ਹਾਂ ਪੁੱਛਿਆ ਕਿ ਅਮਰੀਕੀ ਸਮਝੌਤਾ ਕਿਵੇਂ ਅਤੇ ਕਿਉਂ ਹੋਇਆ, ਇਸ ਨੂੰ ਇੰਨੀ ਜਲਦੀ ਲਾਗੂ ਕਰਨ ਦੀ ਲੋੜ ਕਿਉਂ ਪਈ, ਪ੍ਰਧਾਨ ਮੰਤਰੀ ਨੇ ਇਸ ਨੂੰ ਇਕੱਲਿਆਂ ਕਿਉਂ ਸੰਭਾਲਿਆ ਅਤੇ ਕੈਬਨਿਟ ਨੂੰ ਇਸ ਬਾਰੇ ਜਾਣਕਾਰੀ ਕਿਉਂ ਨਹੀਂ ਦਿੱਤੀ ਗਈ।
ਉਨ੍ਹਾਂ ਅਡਾਨੀ ਮਾਮਲੇ ਅਤੇ ਐਪਸਟਾਈਨ ਮਾਮਲੇ ਸਮੇਤ ਹੋਰ ਮੁੱਦਿਆਂ ’ਤੇ ਵੀ ਖੁੱਲ੍ਹੀ ਚਰਚਾ ਕਰਨ ਦੀ ਗੱਲ ਕਹੀ। ਰਾਹੁਲ ਨੇ ਕਿਹਾ, “ਸਾਹਮਣੇ ਆਓ, ਡਰੋ ਨਾ। ਆਓ, ਸੱਚ ਨੂੰ ਸਾਹਮਣੇ ਲਿਆਈਏ। ਤੁਸੀਂ ਮੇਰੇ ’ਤੇ ਦੋਸ਼ ਲਾਉਂਦੇ ਹੋ, ਤਾਂ ਫਿਰ ਸਾਹਮਣੇ ਆਓ। ਬਹਿਸ ਨਾਲ ਸਭ ਕੁਝ ਸਪੱਸ਼ਟ ਹੋ ਜਾਵੇਗਾ।”
‘ਵਿਦੇਸ਼ੀ ਸਬੰਧਾਂ ਦੇ ਮੁੱਦੇ ’ਤੇ ਨਹੀਂ ਕੀਤਾ ਮਾਣਹਾਨੀ ਦਾ ਮੁਕੱਦਮਾ’
ਰਾਹੁਲ ਗਾਂਧੀ ਨੇ ਵੀਡੀਓ ਵਿੱਚ ਮਾਣਹਾਨੀ ਦੇ ਮਾਮਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਖ਼ਿਲਾਫ਼ ਵੱਖ-ਵੱਖ ਮੁੱਦਿਆਂ ’ਤੇ ਕਈ ਮਾਣਹਾਨੀ ਦੇ ਮੁਕੱਦਮੇ ਦਰਜ ਕੀਤੇ ਗਏ ਹਨ। ਉਨ੍ਹਾਂ ਦੇ ਦਾਅਵੇ ਮੁਤਾਬਕ, ਅਜਿਹੇ ਲਗਪਗ 45 ਮਾਮਲੇ ਹਨ, ਪਰ ਇਸ ਬਹਿਸ ਜਾਂ ਵਿਦੇਸ਼ੀ ਸਬੰਧਾਂ ਦੇ ਮੁੱਦੇ ’ਤੇ ਕੋਈ ਮੁਕੱਦਮਾ ਨਹੀਂ ਕੀਤਾ ਗਿਆ।
ਉਨ੍ਹਾਂ ਕਿਹਾ, “ਤੁਸੀਂ ਮੇਰੇ ’ਤੇ ਕਈ ਹੋਰ ਮਾਮਲਿਆਂ ਵਿੱਚ ਮਾਣਹਾਨੀ ਦੇ ਮੁਕੱਦਮੇ ਕੀਤੇ ਹਨ, ਪਰ ਇਸ ਮੁੱਦੇ ’ਤੇ ਨਹੀਂ। ਜਾਓ, ਇੱਕ ਹੋਰ ਮੁਕੱਦਮਾ ਕਰ ਦਿਓ। ਅਸੀਂ ਉਸ ’ਤੇ ਵੀ ਖੁੱਲ੍ਹ ਕੇ ਚਰਚਾ ਕਰ ਸਕਦੇ ਹਾਂ।” ਵੀਡੀਓ ਦੇ ਅੰਤ ਵਿੱਚ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਅਮਿਤ ਸ਼ਾਹ ਨੇ ਰਾਹੁਲ ਗਾਂਧੀ ਨੂੰ ਦਿੱਤੀ ਚੁਣੌਤੀ
ਇਸ ਦੌਰਾਨ ਮੰਗਲਵਾਰ ਨੂੰ ਛੱਤੀਸਗੜ੍ਹ ਦੇ ਰਾਏਪੁਰ ਵਿੱਚ ਬੋਲਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਹੁਲ ਗਾਂਧੀ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਦੋਸ਼ ਲਾਇਆ ਕਿ ਰਾਹੁਲ ਨੇ ‘ਨਕਲੀ’ ਸੰਸਦ ਬਣਾ ਕੇ ਅਸਲ ਸੰਸਦ ਦਾ ਮਜ਼ਾਕ ਉਡਾਇਆ ਹੈ ਅਤੇ ਉਹ ਸਿਰਫ਼ ਚਰਚਾ ਦਾ ਦਿਖਾਵਾ ਕਰ ਰਹੇ ਹਨ।
ਅਮਿਤ ਸ਼ਾਹ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਹਰ ਮੁੱਦੇ ’ਤੇ ਚਰਚਾ ਕਰਨ ਲਈ ਤਿਆਰ ਹੈ, ਪਰ ਇਸ ਲਈ ਸੰਸਦ ਨੂੰ ਚੱਲਣ ਦੇਣਾ ਜ਼ਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਚਰਚਾ ਲਈ ਵਿਸ਼ੇਸ਼ ਸੈਸ਼ਨ ਬੁਲਾਉਣ ਵਾਸਤੇ ਵੀ ਤਿਆਰ ਹੈ।
ਸ਼ਾਹ ਨੇ ਰਾਹੁਲ ਗਾਂਧੀ ਨੂੰ ਚੁਣੌਤੀ ਦਿੰਦਿਆਂ ਕਿਹਾ, “ਜੇ ਤੁਹਾਡੇ ਵਿੱਚ ਹਿੰਮਤ ਹੈ ਤਾਂ ਦੇਸ਼ ਦੀ ਜਨਤਾ ਦੇ ਸਾਹਮਣੇ ਚਰਚਾ ਕਰੋ। ਸਿਰਫ਼ ਸੰਵਿਧਾਨ ਦੀ ਇੱਕ ਕਾਪੀ ਨਾਲ ਲੈ ਕੇ ਘੁੰਮਣ ਨਾਲ ਇਹ ਸਾਬਤ ਨਹੀਂ ਹੁੰਦਾ ਕਿ ਤੁਸੀਂ ਸੰਵਿਧਾਨ ਦਾ ਸਮਰਥਨ ਕਰਦੇ ਹੋ। ਤੁਹਾਡਾ ਆਚਰਣ ਵੀ ਸੰਵਿਧਾਨਕ ਹੋਣਾ ਚਾਹੀਦਾ ਹੈ।”
