ਗੁਰਪ੍ਰੀਤ ਸਿੰਘ :- ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮੋਗਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੂੰ ਜ਼ਮੀਨੀ ਘੁਟਾਲੇ ਦੇ ਇੱਕ ਮਾਮਲੇ ਵਿੱਚ ਪੁੱਛਗਿੱਛ ਲਈ ਸੰਮਨ ਜਾਰੀ ਕੀਤਾ ਹੈ। ED ਸੂਤਰਾਂ ਅਨੁਸਾਰ ਵਿਧਾਇਕਾ ਅਮਨਦੀਪ ਕੌਰ ਨੂੰ 25 ਨਵੰਬਰ ਨੂੰ ਚੰਡੀਗੜ੍ਹ ਸਥਿਤ ਏਜੰਸੀ ਦੇ ਜ਼ੋਨਲ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਏਜੰਸੀ ਨੇ ਜਾਂਚ ਅਧੀਨ ਜਾਇਦਾਦਾਂ ਬਾਰੇ ਵਾਧੂ ਵੇਰਵੇ ਅਤੇ ਦਸਤਾਵੇਜ਼ ਮੰਗੇ ਹਨ, ਅਤੇ ਉਨ੍ਹਾਂ ਨੂੰ ਪੇਸ਼ ਹੋਣ ਵੇਲੇ ਸਬੰਧਤ ਰਿਕਾਰਡ ਨਾਲ ਲਿਆਉਣ ਲਈ ਕਿਹਾ ਹੈ।
ਦਰਅਸਲ ਇਹ ਮਾਮਲਾ ਸਰਕਾਰੀ ਜ਼ਮੀਨ ਦੇ ਸੱਤ ਫਲੈਟਾਂ ਨੂੰ ਧੋਖਾਧੜੀ ਨਾਲ ਹਥਿਆਉਣ ਅਤੇ ਸਰਕਾਰੀ ਮੁਆਵਜ਼ੇ ਦੀ ਗਲਤ ਵੰਡ ਨਾਲ ਸਬੰਧਤ ਹੈ। ਦੋਸ਼ ਹੈ ਕਿ ਇਹ ਜ਼ਮੀਨਾਂ ਧੋਖਾਧੜੀ ਦੇ ਤਰੀਕਿਆਂ ਰਾਹੀਂ ਹਾਸਲ ਕੀਤੀਆਂ ਗਈਆਂ ਸਨ ਅਤੇ ਸਰਕਾਰੀ ਮੁਆਵਜ਼ਾ ਗੈਰ-ਕਾਨੂੰਨੀ ਢੰਗ ਨਾਲ ਵੰਡਿਆ ਗਿਆ ਸੀ।
ਇਹ ਘਟਨਾਕ੍ਰਮ ED ਵੱਲੋਂ 7 ਵੱਖ-ਵੱਖ ਥਾਵਾਂ ‘ਤੇ ਕੀਤੀ ਗਈ, 36 ਘੰਟਿਆਂ ਦੀ ਛਾਪੇਮਾਰੀ ਤੋਂ ਕੁਝ ਦਿਨਾਂ ਬਾਅਦ ਸਾਹਮਣੇ ਆਇਆ ਹੈ। ਇਨ੍ਹਾਂ ਥਾਵਾਂ ਵਿੱਚ ਮੋਗਾ ਸਥਿਤ ਵਿਧਾਇਕਾ ਦੀ ਰਿਹਾਇਸ਼, ‘ਆਈਕਾਨ ਹਾਈਟਸ’ ਵਿੱਚ ਇੱਕ ਫਲੈਟ, ਉਨ੍ਹਾਂ ਦੇ ਪਤੀ ਡਾ. ਰਾਕੇਸ਼ ਅਰੋੜਾ ਨਾਲ ਜੁੜੀਆਂ ਜਾਇਦਾਦਾਂ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਤੇ ਕਰੀਬੀ ਸਾਥੀਆਂ ਨਾਲ ਸਬੰਧਤ ਟਿਕਾਣੇ ਸ਼ਾਮਲ ਸਨ।
ED ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਕਈ ਅਹਿਮ ਦਸਤਾਵੇਜ਼ ਬਰਾਮਦ ਕੀਤੇ ਗਏ ਸਨ, ਅਤੇ ਇਨ੍ਹਾਂ ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਹੁਣ ਵਿਧਾਇਕਾ ਨੂੰ ਪੁੱਛਗਿੱਛ ਲਈ ਤਲਬ ਕੀਤਾ ਗਿਆ ਹੈ।
