ਫਲਾਈਟ ‘ਚ ਸੋਨੂੰ ਨਿਗਮ ਨੇ ਲਾਈ ਸੁਰਾਂ ਦੀ ਮਹਿਫ਼ਲ, ‘ਮੈਂ ਹੂੰ ਨਾ’ ਤੇ ‘ਕਲ ਹੋ ਨਾ ਹੋ’ ਗੀਤਾਂ ਨਾਲ ਯਾਤਰੀਆਂ ਦਾ ਜਿੱਤਿਆ ਦਿਲ

ਮੁੰਬਈ (ਲਖਵਿੰਦਰ ਸਿੰਘ) : ਬਾਲੀਵੁੱਡ ਦੇ ਮਸ਼ਹੂਰ ਗਾਇਕ ਸੋਨੂੰ ਨਿਗਮ ਆਪਣੀ ਸੁਰੀਲੀ ਆਵਾਜ਼ ਨਾਲ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਕਦੇ ਕੰਸਰਟ ਵਿੱਚ ਆਪਣੀ ਗਾਇਕੀ ਦਾ ਜਾਦੂ ਬਿਖੇਰਨ ਵਾਲੇ ਸੋਨੂੰ ਨਿਗਮ ਇਸ ਵਾਰ ਹਵਾਈ ਜਹਾਜ਼ ਵਿੱਚ ਯਾਤਰੀਆਂ ਨਾਲ ਗੀਤ ਗਾਉਂਦੇ ਨਜ਼ਰ ਆਏ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਲੋਕ ਉਨ੍ਹਾਂ ਦੀ ਗਾਇਕੀ ਦੀ ਖੂਬ ਤਾਰੀਫ਼ ਕਰ ਰਹੇ ਹਨ।

ਦਰਅਸਲ, ਸੋਨੂੰ ਨਿਗਮ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਜਹਾਜ਼ ਵਿੱਚ ਮੌਜੂਦ ਯਾਤਰੀਆਂ ਦੀ ਨਜ਼ਰ ਸੋਨੂੰ ਨਿਗਮ ‘ਤੇ ਪੈਂਦੀ ਹੈ, ਉਹ ਉਨ੍ਹਾਂ ਦੇ ਮਸ਼ਹੂਰ ਗੀਤ ਗੁਣਗੁਣਾਉਣ ਲੱਗ ਜਾਂਦੇ ਹਨ। ਕੁਝ ਯਾਤਰੀ ਆਪਣੀਆਂ ਸੀਟਾਂ ਤੋਂ ਉੱਠ ਕੇ ਗਾਉਣਾ ਸ਼ੁਰੂ ਕਰ ਦਿੰਦੇ ਹਨ, ਜਿਸ ਤੋਂ ਬਾਅਦ ਫਲਾਈਟ ਕਰੂ ਉਨ੍ਹਾਂ ਨੂੰ ਵਾਪਸ ਬੈਠਣ ਲਈ ਕਹਿੰਦਾ ਹੈ। ਇਸ ਦੌਰਾਨ ਸੋਨੂੰ ਨਿਗਮ ਯਾਤਰੀਆਂ ਤੋਂ ਮੁਆਫ਼ੀ ਵੀ ਮੰਗਦੇ ਹਨ।

ਇਸ ਤੋਂ ਬਾਅਦ ਸੋਨੂੰ ਨਿਗਮ ਖੁਦ ਗਾਇਕੀ ਸ਼ੁਰੂ ਕਰਦੇ ਹਨ ਅਤੇ ਆਪਣੀ ਆਵਾਜ਼ ਨਾਲ ਪੂਰੀ ਮਹਿਫ਼ਲ ਨੂੰ ਰੌਣਕਾਂ ਨਾਲ ਭਰ ਦਿੰਦੇ ਹਨ। ਉਨ੍ਹਾਂ ਨੇ ਆਪਣੀਆਂ ਮਸ਼ਹੂਰ ਫ਼ਿਲਮਾਂ ‘ਮੈਂ ਹੂੰ ਨਾ’ ਅਤੇ ‘ਕਲ ਹੋ ਨਾ ਹੋ’ ਦੇ ਗੀਤਾਂ ਦੇ ਨਾਲ-ਨਾਲ ਇਨ੍ਹਾਂ ਫ਼ਿਲਮਾਂ ਦੇ ਟਾਈਟਲ ਟਰੈਕ ਵੀ ਗਾਏ। ਯਾਤਰੀ ਵੀ ਉਨ੍ਹਾਂ ਨਾਲ ਸੁਰ ਮਿਲਾਉਂਦੇ ਨਜ਼ਰ ਆਏ। ਜਦੋਂ ਸੋਨੂੰ ਨਿਗਮ ਨੇ ਆਪਣੇ ਲਗਭਗ 27 ਸਾਲ ਪੁਰਾਣੇ ਐਲਬਮ ਦੇ ਮਸ਼ਹੂਰ ਗੀਤ ‘ਬਿਜੂਰੀਆ’ ਦੀਆਂ ਧੁਨਾਂ ਛੇੜੀਆਂ ਤਾਂ ਯਾਤਰੀ ਖੁਸ਼ੀ ਨਾਲ ਝੂਮ ਉੱਠੇ।

ਵੀਡੀਓ ਸਾਂਝੀ ਕਰਦਿਆਂ ਗਾਇਕ ਨੇ ਕੈਪਸ਼ਨ ਵਿੱਚ ਲਿਖਿਆ, ”ਇੱਕ ਅਜਿਹਾ ਪਿਆਰ, ਜੋ ਸਿਰਫ਼ ਸੁਪਨਿਆਂ ਵਿੱਚ ਹੀ ਹੁੰਦਾ ਹੈ। ਤੁਹਾਡੇ ਸਾਰਿਆਂ ਦਾ ਧੰਨਵਾਦ।” ਉਨ੍ਹਾਂ ਦੀ ਇਸ ਪੋਸਟ ‘ਤੇ ਗਾਇਕਾ ਸ਼ਰਧਾ ਪੰਡਿਤ ਨੇ ਵੀ ਕਮੈਂਟ ਕੀਤਾ। ਉਨ੍ਹਾਂ ਲਿਖਿਆ ਕਿ ਜਦੋਂ ਪੂਰਾ ਜਹਾਜ਼ ਤੁਹਾਡੇ ਗੀਤ ਗਾਉਣ ਲੱਗੇ ਤਾਂ ਸਮਝ ਜਾਓ ਕਿ ਤੁਸੀਂ ਸਿਰਫ਼ ਇੱਕ ਕਲਾਕਾਰ ਨਹੀਂ, ਸਗੋਂ ਇੱਕ ਅਹਿਸਾਸ ਬਣ ਚੁੱਕੇ ਹੋ।

ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਬਿਨਾਂ ਕਿਸੇ ਮਿਊਜ਼ਿਕ ਸਿਸਟਮ ਦੇ ਹਵਾਈ ਜਹਾਜ਼ ਵਿੱਚ ਸੋਨੂੰ ਨਿਗਮ ਦੀ ਲਾਈਵ ਗਾਇਕੀ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਕਈ ਯੂਜ਼ਰ ਉਨ੍ਹਾਂ ਨੂੰ ਬਿਹਤਰੀਨ ਗਾਇਕ ਅਤੇ ਅਨਮੋਲ ਕਲਾਕਾਰ ਦੱਸ ਰਹੇ ਹਨ।

By Gurpreet Singh

Leave a Reply

Your email address will not be published. Required fields are marked *