ਮਿਡਲ ਈਸਟ ‘ਚ ਇਰਾਨ ਖ਼ਿਲਾਫ਼ 40 ਦਿਨਾਂ ਤੋਂ ਜਾਰੀ ਜੰਗ ਅੱਜ ਆਖ਼ਿਰਕਾਰ 2 ਹਫ਼ਤਿਆਂ ਲਈ ਰੁਕ ਗਈ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਤੇ ਇਰਾਨ ਦੇ ਵਿਦੇਸ਼ ਮੰਤਰੀ ਅਰਾਘਚੀ ਨੇ 14 ਦਿਨਾਂ ਲਈ ਜੰਗਬੰਦੀ ਦਾ ਐਲਾਨ ਕੀਤਾ ਹੈ। ਪਰ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਇਹ ਜੰਗ ਰੁਕਣ ਤੋਂ ਬਾਅਦ ਟਰੰਪ ਦੀਆਂ ਮੁਸ਼ਕਲਾਂ ਵਧ ਗਈਆਂ ਹਨ।
ਲੰਬੇ ਸਮੇਂ ਤੋਂ ਜਾਰੀ ਭਿਆਨਕ ਜੰਗ ਦੇ ਚਲਦਿਆਂ ਹੁਣ ਅਮਰੀਕਾ ਦੇ ਅੰਦਰ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਬਗਾਵਤ ਦੇ ਸੁਰ ਤੇਜ਼ ਹੋ ਗਏ ਹਨ। ਜਾਣਕਾਰੀ ਅਨੁਸਾਰ 80 ਤੋਂ ਵੱਧ ਪ੍ਰਮੁੱਖ ਸੰਸਦ ਮੈਂਬਰਾਂ ਨੇ ਰਾਸ਼ਟਰਪਤੀ ਟਰੰਪ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ, ਜਿਸ ਮਗਰੋਂ ਅਮਰੀਕਾ ਦੀ ਸਿਆਸਤ ‘ਚ ਵੱਡਾ ਭੂਚਾਲ ਆ ਗਿਆ ਹੈ।
ਅਮਰੀਕਾ ਵਿੱਚ ਵਿਰੋਧੀ ਧਿਰ (ਡੈਮੋਕ੍ਰੇਟਸ) ਅਤੇ ਕੁਝ ਰਿਪਬਲਿਕਨ ਮੈਂਬਰਾਂ ਦਾ ਦੋਸ਼ ਹੈ ਕਿ ਟਰੰਪ ਪ੍ਰਸ਼ਾਸਨ ਜਾਣਬੁੱਝ ਕੇ ਜੰਗਬੰਦੀ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਖਾਰਗ ਟਾਪੂ ਅਤੇ ਤਹਿਰਾਨ ‘ਤੇ ਹੋਏ ਹਮਲਿਆਂ ਨੇ ਦੁਨੀਆ ਨੂੰ ਤੀਜੇ ਵਿਸ਼ਵ ਯੁੱਧ ਦੇ ਕੰਢੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ।
ਵਾਸ਼ਿੰਗਟਨ ਵਿੱਚ ਹੋਈ ਇੱਕ ਹੰਗਾਮੇ ਭਰੀ ਮੀਟਿੰਗ ਦੌਰਾਨ ਕੁਝ ਲਾਅ ਮੇਕਰਜ਼ ਨੇ ਕਿਹਾ ਕਿ ਰਾਸ਼ਟਰਪਤੀ ਦੀਆਂ ਹਮਲਾਵਰ ਨੀਤੀਆਂ ਕਾਰਨ ਅਮਰੀਕੀ ਅਰਥਵਿਵਸਥਾ ਤਬਾਹ ਹੋ ਰਹੀ ਹੈ ਅਤੇ ਤੇਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਉਨ੍ਹਾਂ ਨੇ ਟਰੰਪ ਨੂੰ ਜੰਗ ਦਾ ਜਨੂੰਨੀ ਦੱਸਦਿਆਂ ਤੁਰੰਤ ਅਹੁਦਾ ਛੱਡਣ ਲਈ ਕਿਹਾ। ਅਮਰੀਕਾ ਦੇ ਕਈ ਵੱਡੇ ਸ਼ਹਿਰਾਂ ਵਿੱਚ ਟਰੰਪ ਦੇ ਖ਼ਿਲਾਫ਼ ਪ੍ਰਦਰਸ਼ਨ ਹੋ ਰਹੇ ਹਨ। ਜਨਤਾ ਵਿੱਚ ਇਸ ਗੱਲ ਨੂੰ ਲੈ ਕੇ ਗੁੱਸਾ ਹੈ ਕਿ ਅਰਬਾਂ ਡਾਲਰ ਜੰਗ ‘ਤੇ ਖ਼ਰਚ ਕੀਤੇ ਜਾ ਰਹੇ ਹਨ, ਜਦਕਿ ਦੇਸ਼ ਵਿੱਚ ਦਿਨੋ-ਦਿਨ ਮਹਿੰਗਾਈ ਵਧਦੀ ਜਾ ਰਹੀ ਹੈ।
ਹਾਲਾਂਕਿ ਵਾਈਟ ਹਾਊਸ ਨੇ ਇਨ੍ਹਾਂ ਮੰਗਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਰਾਸ਼ਟਰਪਤੀ ਟਰੰਪ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਇਰਾਨ ਨੂੰ ਰੋਕਣਾ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਲਈ ਜ਼ਰੂਰੀ ਹੈ। ਇਸ ਦੌਰਾਨ ਜੇਕਰ ਵਿਰੋਧੀ ਧਿਰ ਇੱਕਜੁੱਟ ਹੁੰਦੀ ਹੈ, ਤਾਂ ਰਾਸ਼ਟਰਪਤੀ ਖ਼ਿਲਾਫ਼ ਮਹਾਂਦੋਸ਼ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਤੇ ਇਸ ਕਾਰਨ ਜੇਕਰ ਸਿਆਸੀ ਅਸਥਿਰਤਾ ਵਧਦੀ ਹੈ ਤਾਂ ਅਮਰੀਕੀ ਸ਼ੇਅਰ ਬਾਜ਼ਾਰ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ।
